
ਬੰਗਾ 17 ਨਵੰਬਰ (ਹਿੰ. ਸ.)। ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਢਾਹਾਂ ਕਲੇਰਾਂ ਦੇ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਿਭਾਗ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਏਮਜ਼ (ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਰਾਏਬਰੇਲੀ ਦੇ ਰੇਡੀਓਡਾਇਗਨੋਸਿਸ ਵਿਭਾਗ ਦੁਆਰਾ ਆਯੋਜਿਤ ਇੱਕ-ਰੋਜ਼ਾ ਕੌਮੀ ਕਾਨਫਰੰਸ, ਰੈਡ (RAD) ਕਨੈਕਟ ਯੂ ਪੀ (UP) 2025 ਵਿੱਚ ਭਾਗ ਲੈ ਕੇ ਵੱਡੀ ਪ੍ਰਾਪਤੀਆਂ ਕੀਤੀਆਂ। ਇਸ ਕੌਮੀ ਕਾਨਫਰੰਸ ਵਿਚ ਕਾਲਜ ਦੇ ਵਾਈਸ ਪ੍ਰਿੰਸੀਪਲ ਰਾਜਦੀਪ ਥਿਦਵਾਰ ਨੇ ਬਤੌਰ ਕਾਨਫਰੰਸ ਚੇਅਰਪਰਸਨ ਵਜੋਂ ਸੇਵਾ ਨਿਭਾਉਂਦੇ ਹੋਏ ਕਾਨਫਰੰਸ ਦੀ ਕਾਰਵਾਈ ਦੀ ਜ਼ਿੰਮੇਵਾਰੀ ਬਹੁਤ ਸੁਚੱਜੇ ਢੰਗ ਨਾਲ ਚਲਾਈ ।
ਇਸ ਮੌਕੇ ਕਾਲਜ ਦੇ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਖੋਜ ਅਤੇ ਐਬਸਟਰੈਕਟ ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਜਿਸ ਵਿਚ ਐਮ.ਐਸ.ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਦੀ ਵਿਦਿਆਰਥਣ ਦੀਆ ਨੇ ਪੰਜਾਬ ਖੇਤਰ ਵਿੱਚ ਹਸਪਤਾਲ-ਅਧਾਰਤ ਆਬਾਦੀ ਵਿੱਚ ਉਮਰ ਅਤੇ ਲਿੰਗ ਅਨੁਮਾਨ ਨਿਰਧਾਰਤ ਕਰਨ ਲਈ ਥਰੀ ਡੀ (3D) ਸਕੈਪੁਲਰ ਐਂਥਰੋਪੋਮੈਟਰੀ ਅਤੇ ਓਸੀਫਿਕੇਸ਼ਨ ਸੈਂਟਰ ਵਿਸ਼ਲੇਸ਼ਣ ਵਿਸ਼ੇ ਹੇਠਾਂ ਆਪਣਾ ਖੋਜ ਪੱਤਰ ਪੇਸ਼ ਕਰਕੇ ਪਹਿਲਾ ਇਨਾਮ ਪ੍ਰਾਪਤ ਕੀਤਾ । ਇਹ ਖੋਜ ਉਸ ਨੇ ਮੈਡਮ ਪਿਊਸ਼ੀ ਯਾਦਵ, ਮੁਖੀ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਵਿਭਾਗ ਦੀ ਨਿਗਰਾਨੀ ਹੇਠ ਪੂਰੀ ਕੀਤੀ ਸੀ ਜਦ ਕਿ ਬੀ.ਐਸ.ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਦੀ ਵਿਦਿਆਰਥਣ ਤਰੁਣਪ੍ਰੀਤ ਕੌਰ ਨੇ ਓਸਟੀਓਪੋਰੋਸਿਸ ਦੀ ਸ਼ੁਰੂਆਤੀ ਖੋਜ ਵਿੱਚ ਡੈਕਸਾ (DEXA) ਸਕੈਨ ਦੀ ਭੂਮਿਕਾ 'ਤੇ ਆਪਣਾ ਖੋਜ ਪੱਤਰ ਪੇਸ਼ ਕਰਕੇ ਦੂਜਾ ਇਨਾਮ ਹਾਸਲ ਕੀਤਾ । ਜੋ ਉਸ ਨੇ ਵਾਈਸ ਪ੍ਰਿੰਸੀਪਲ ਸ੍ਰੀ ਰਾਜਦੀਪ ਥਿਦਵਾਰ ਦੀ ਅਗਵਾਈ ਵਿਚ ਤਿਆਰ ਕੀਤਾ ।
ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ ਕੁਲਵਿੰਦਰ ਸਿੰਘ ਢਾਹਾਂ ਨੇ ਜੇਤੂ ਵਿਦਿਆਰਥੀਆਂ ਅਤੇ ਕਾਨਫਰੰਸ ਦੀ ਚੇਅਰਪਰਸਨ ਦੀ ਜ਼ਿੰਮੇਵਾਰੀ ਸ਼ਾਨਦਾਰ ਢੰਗ ਨਾਲ ਨਿਭਾਉਣ ਲਈ ਕਾਲਜ ਦੇ ਵਾਈਸ ਪ੍ਰਿੰਸੀਪਲ ਦਾ ਢਾਹਾਂ ਕਲੇਰਾਂ ਵਿਖੇ ਨਿੱਘਾ ਸਵਾਗਤ ਕਰਦੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਹਨਾਂ ਨੇ ਕਾਲਜ ਵਿਦਿਆਰਥੀਆਂ ਵੱਲੋਂ ਕੌਮੀ ਪੱਧਰੀ ਕਾਨਫਰੰਸ ਵਿਚ ਕਾਲਜ ਦਾ ਨਾਮ ਰੋਸ਼ਨ ਕਰਨ ਅਤੇ ਸ਼ਾਨਦਾਰ ਪ੍ਰਾਪਤੀਆਂ ਕਰਨ ਲਈ ਸਮੂਹ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ । ਡਾ. ਢਾਹਾਂ ਨੇ ਕਿਹਾ ਕਿ ਇਹ ਸਫਲਤਾ ਰੇਡੀਓਲੋਜੀ ਅਤੇ ਇਮੇਜਿੰਗ ਤਕਨਾਲੋਜੀ ਵਿਭਾਗ ਅਤੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਨਵੀਂਆਂ ਖੋਜਾਂ ਕਰਨ, ਆਪਣੇ ਕਿੱਤੇ ਅਤੇ ਪੜ੍ਹਾਈ ਪ੍ਰਤੀ ਇੰਟਰਨੈਸ਼ਨਲ ਪੱਧਰ ਦੀ ਸਿਹਤ ਸੰਭਾਲ ਸੇਵਾਵਾਂ ਵਿਚ ਪ੍ਰੌਫੈਸ਼ਨਲ ਦੂਰਦ੍ਰਿਸ਼ਟੀ ਰੱਖਣ ਪ੍ਰਤੀ ਉਤਸ਼ਾਹਿਤ ਕਰਨ ਕਰਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ