
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਨਵੰਬਰ (ਹਿੰ. ਸ.)। ਜ਼ਿਲ੍ਹਾ ਐਸ. ਏ. ਐਸ. ਨਗਰ ਦੇ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਅਤੇ ਕਪਤਾਨ ਪੁਲਿਸ (ਟ੍ਰੈਫ਼ਿਕ) ਨਵਨੀਤ ਸਿੰਘ ਮਾਹਲ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਡੀ ਐਸ ਪੀ ਟ੍ਰੈਫ਼ਿਕ ਕਰਨੈਲ ਸਿੰਘ ਅਤੇ ਟ੍ਰੈਫ਼ਿਕ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਵਿਸ਼ੇਸ਼ ਨਾਕਾਬੰਦੀਆਂ ਕੀਤੀਆਂ ਗਈਆਂ। ਇਸ ਦੌਰਾਨ ਸ਼ਰਾਬ ਪੀ ਕੇ ਵਹੀਕਲ ਚਲਾਉਣ ਵਾਲੇ ਡਰਾਈਵਰਾਂ ਖ਼ਿਲਾਫ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਗਈ।
ਜ਼ਿਲ੍ਹਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਸਤੰਬਰ 2025 ਤੋਂ ਹੁਣ ਤੱਕ ਮੋਟਰ ਵਹੀਕਲ ਐਕਟ 2019 ਅਧੀਨ 382 ਵਹੀਕਲਾਂ ਖ਼ਿਲਾਫ ਸ਼ਰਾਬ ਪੀ ਕੇ ਵਹੀਕਲ ਚਲਾਉਣ ਵਾਲਿਆਂ ‘ਤੇ ਕਾਰਵਾਈ ਕੀਤੀ ਗਈ ਹੈ।
ਡੀ ਐਸ ਪੀ ਟ੍ਰੈਫ਼ਿਕ ਕਰਨੈਲ ਸਿੰਘ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਅਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਮੋਟਰ ਵਹੀਕਲ ਐਕਟ 2019 ਦੀ ਧਾਰਾ 185 ਅਧੀਨ ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਜਿਸ ਵਿੱਚ ਪਹਿਲੀ ਵਾਰ ਉਲੰਘਣਾ: 10,000 ਰੁਪਏ ਤੱਕ ਦਾ ਜੁਰਮਾਨਾ ਜਾਂ 6 ਮਹੀਨੇ ਤੱਕ ਦੀ ਸਜ਼ਾ ਜਾਂ ਦੋਵੇਂ ਅਤੇ 3 ਸਾਲ ਦੇ ਅੰਦਰ ਦੂਜੀ ਵਾਰ ਉਲੰਘਣਾ: 15,000 ਰੁਪਏ ਤੱਕ ਜੁਰਮਾਨਾ ਜਾਂ 2 ਸਾਲ ਤੱਕ ਦੀ ਸਜ਼ਾ ਜਾਂ ਦੋਵੇਂ ਹੋ ਸਕਦੇ ਹਨ।
ਪੁਲਿਸ ਨੇ ਜਨਤਾ ਨੂੰ ਸੁਰੱਖਿਅਤ ਡ੍ਰਾਈਵਿੰਗ ਦੀ ਪਾਲਣਾ ਕਰਨ ਅਤੇ ਨਸ਼ੇ ਦੀ ਹਾਲਤ ਵਿੱਚ ਵਹੀਕਲ ਚਲਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ