
ਪਟਿਆਲਾ , 18 ਨਵੰਬਰ (ਹਿੰ. ਸ.)। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮਾਂ ਦੀ ਲੜੀ ਅਧੀਨ, ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਸ਼ਾਲ ਯਾਦਗਾਰੀ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ 21 ਨਵੰਬਰ ਨੂੰ ਪਟਿਆਲਾ ਵਿੱਚ ਵਿਸ਼ਾਲ ਨਗਰ ਕੀਰਤਨ ਧਾਰਮਿਕ ਯਾਤਰਾ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਵੱਲੋਂ ਲਿਆ ਗਿਆ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਮੌਜੂਦ ਸਨ।
ਮੀਟਿੰਗ ਦੌਰਾਨ ਉਹਨਾਂ ਦਸਿਆ ਕਿ ਪਾਲਕੀ ਸਾਹਿਬ ਯਾਤਰਾ ਸੰਗਰੂਰ ਰੋਡ ਤੋਂ ਰਾਜਿੰਦਰਾ ਹਸਪਤਾਲ ਹੁੰਦੇ ਹੋਏ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਪਹੁੰਚੇਗੀ ਜਿੱਥੇ ਪਾਲਕੀ ਸਾਹਿਬ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ। ਇਸ ਉਪਰੰਤ ਯਾਤਰਾ ਲੀਲਾ ਭਵਨ ਹੁੰਦੇ ਹੋਏ ਥਾਪਰ ਯੂਨੀਵਰਸਿਟੀ ਅਤੇ ਉਥੋਂ ਮਿੰਨੀ ਸਕੱਤਰੇਤ ਹੁੰਦੇ ਹੋਏ ਗੁਰੂਦੁਆਰਾ ਸ੍ਰੀ ਦੁਖਨਿਵਾਰਨ ਪਹੁੰਚੇਗੀ ਇਥੇ ਕੁਝ ਸਮਾਂ ਰੁਕਣ ਤੋਂ ਬਾਅਦ ਪੁਰਾਣਾ ਬੱਸ ਸਟੈਂਡ ਹੁੰਦੇ ਹੋਏ ਰਾਜਪੁਰਾ ਰੋਡ ਵੱਲ ਜਾਵੇਗੀ ਅਤੇ ਗੁਰੂਦੁਆਰਾ ਸ੍ਰੀ ਬਹਾਦੁਰਗੜ ਤੋਂ ਹੁੰਦੇ ਹੋਏ ਰਾਜਪੁਰਾ ਵੱਲ ਜਾਵੇਗੀ ਅਤੇ ਰਾਜਪੁਰਾ ' ਚੋ ਲੰਘ ਕੇ ਯਾਤਰਾ ਬਨੂੜ ਵੱਲ ਜਾਵੇਗੀ। ਪਾਲਕੀ ਸਾਹਿਬ ਦੇ ਰੂਟ ’ਤੇ ਸਫ਼ਾਈ, ਸਜਾਵਟ, ਰੋਸ਼ਨੀ, ਟ੍ਰੈਫ਼ਿਕ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸੁਵਿਧਾ, ਮੈਡੀਕਲ ਸਹੂਲਤ, ਸੁਰੱਖਿਆ ਪ੍ਰਬੰਧ ਅਤੇ ਭੀੜ ਪ੍ਰਬੰਧਨ ਨਾਲ ਜੁੜੇ ਮੁੱਖ ਬਿੰਦੂਆਂ ਉੱਤੇ ਚਰਚਾ ਕੀਤੀ ਗਈ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਕਿਸੇ ਵੀ ਤਰਾ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ , ਵਾਟਰ ਸਪਲਾਈ, ਫੋਰੈਸਟ ਵਿਭਾਗ, ਫਾਇਰ ਬ੍ਰਿਗੇਡ, ਪਬਲਿਕ ਹੈਲਥ, ਐਮਰਜੈਂਸੀ ਸਰਵਿਸਜ਼ ਅਤੇ ਐਸ.ਡੀ.ਐਮਜ਼ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ। ਪੁਲਿਸ ਵਿਭਾਗ ਨੂੰ ਟ੍ਰੈਫ਼ਿਕ ਡਾਇਵਰਜ਼ਨ, ਸੁਰੱਖਿਆ ਘੇਰਾ ਅਤੇ ਰੂਟ ਪਲਾਨ ਸਬੰਧੀ ਖਾਸ ਤਿਆਰੀਆਂ ਕਰਨ ਲਈ ਕਿਹਾ ਗਿਆ। ਨਗਰ ਨਿਗਮ ਨੂੰ ਸਫ਼ਾਈ ਮੁਹਿੰਮ ਤੇ ਧਿਆਨ ਕੇਂਦਰਿਤ ਕਰਦੇ ਹੋਏ ਰੂਟ ’ਤੇ ਖਾਸ ਤੌਰ ’ਤੇ ਵਾਧੂ ਕਰਮਚਾਰੀ ਤੈਨਾਤ ਕਰਨ ਦੇ ਆਦੇਸ਼ ਦਿੱਤੇ ਗਏ। ਪਬਲਿਕ ਹੈਲਥ ਅਤੇ ਵਾਟਰ ਸਪਲਾਈ ਵਿਭਾਗਾਂ ਨੂੰ ਸਾਫ਼ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਲੋਕ ਨਿਰਮਾਣ ਵਿਭਾਗ ਵੱਲੋਂ ਰੂਟ ’ਤੇ ਸੜਕਾਂ ਦੀ ਮਰੰਮਤ ਅਤੇ ਜ਼ਰੂਰੀ ਸੁਧਾਰ ਕੰਮ ਤੁਰੰਤ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਇਰ ਬ੍ਰਿਗੇਡ ਨੂੰ ਐਮਰਜੈਂਸੀ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਲਈ ਅਲਰਟ ਰਹਿਣ ਅਤੇ ਰੂਟ ’ਤੇ ਸਟੈਂਡਬਾਈ ਗੱਡੀਆਂ ਤੈਨਾਤ ਕਰਨ ਲਈ ਕਿਹਾ ਗਿਆ।
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਯਕੀਨ ਦਵਾਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲਾਂ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਪੂਰੇ ਆਦਰ-ਸਤਿਕਾਰ ਨਾਲ ਮਨਾਇਆ ਜਾਵੇਗਾ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ