
ਫਾਜ਼ਿਲਕਾ 18 ਨਵੰਬਰ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰੇਕ ਹੜ੍ਹ ਪੀੜਤ ਨੂੰ ਰਾਹਤ ਦੇਣ ਲਈ ਵਚਨਬੱਧ ਹੈ। ਇਸੇ ਲਗਾਤਾਰਤਾ ਵਿਚ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਜੋਧਾ ਭੈਣੀ, ਬਘੇ ਕੇ ਹਿਠਾੜ ਅਤੇ ਸੰਤੋਖ ਸਿੰਘ ਵਾਲਾ ਵਿਖੇ ਹੜ੍ਹ ਪੀੜਤਾਂ ਨੂੰ ਮੁਆਵਜੇ ਦੇ ਮਨਜੂਰੀ ਪੱਤਰ ਦੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਫਸਲਾਂ ਦੇ ਖਰਾਬੇ ਦੇ ਮੁਆਵਜੇ ਦੀ ਵੰਡ ਜਾਰੀ ਹੈ।
ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਉਦੇਸ਼ ਦੇ ਮਦੇਨਜਰ ਪੂਰੇ ਪਾਰਦਰਸ਼ੀ ਢੰਗ ਨਾਲ ਮੁਆਵਜਾ ਵੰਡਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾ ਰਹੀ ਹੈ ਤਾਂ ਜ਼ੋ ਕੋਈ ਵੀ ਹੜ੍ਹ ਪੀੜਤ ਮੁਆਵਜੇ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਖਰਾਬੇ, ਪਸ਼ੂਆਂ ਅਤੇ ਮਕਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਸਲਾਂ ਦੇ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20 ਹਜਾਰ ਰੁਪਏ ਤੱਕ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਨੁਕਸਾਨੇ ਗਏ ਮਕਾਨ ਦਾ 1 ਲੱਖ 20 ਹਜਾਰ ਰੁਪਏ ਅਤੇ ਥੋੜੇ ਨੁਕਸਾਨੇ ਗਏ ਮਕਾਨ ਦੀ 40 ਹਜਾਰ ਰੁਪਏ ਦੀ ਰਾਹਤ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੌਰਾਨ ਵੀ ਕਿਸਾਨਾਂ, ਪਸ਼ੂ ਪਾਲਕਾਂ ਦੇ ਨਾਲ ਸੀ ਤੇ ਹੜਾਂ ਤੋਂ ਬਾਅਦ ਲੋਕਾਂ ਦੇ ਪੁਨਰਵਾਸ ਲਈ ਮੁਆਵਜਾ ਦੇਣ ਲਈ ਵੀ ਕਾਰਜਸ਼ੀਲ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ