
ਤਰਨ ਤਾਰਨ, 18 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ।
ਇਨ੍ਹਾਂ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ.ਐੱਸ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕੱਢਿਆ ਜਾ ਰਿਹਾ ਵਿਸ਼ੇਸ਼ ਨਗਰ ਕੀਰਤਨ 21 ਨਵੰਬਰ ਨੂੰ ਜ਼ਿਲ੍ਹਾ ਤਰਨ ਤਾਰਨ ਵਿਖੇ ਪਹੁੰਚੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 21 ਨਵੰਬਰ ਨੂੰ ਸਵੇਰੇ ਨਗਰ ਕੀਰਤਨ ਅੰਮ੍ਰਿਤਸਰ ਸ਼ਹਿਰ ਦੇ ਖ਼ਜ਼ਾਨਾ ਗੇਟ ਤੋਂ ਚੱਲ ਕੇ ਵਾਇਆ ਝਬਾਲ ਰੋਡ ਰਾਹੀਂ ਸਵੇਰੇ 9:00 ਵਜੇ ਦੇ ਕਰੀਬ ਜ਼ਿਲ੍ਹਾ ਤਰਨ ਤਾਰਨ ਵਿੱਚ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪਹੁੰਚੇਗਾ। ਉਸ ਤੋਂ ਬਾਅਦ ਨਗਰ ਕੀਰਤਨ ਝਬਾਲ ਚੌਂਕ, ਨੂਰਦੀ, ਤਰਨ ਤਾਰਨ-ਅੰਮ੍ਰਿਤਸਰ ਬਾਈਪਾਸ ਚੌਂਕ, ਤਰਨ ਤਾਰਨ-ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਟੀ-ਪੁਆਇੰਟ ਨੇੜੇ ਮਾਝਾ ਕਾਲਜ, ਗੋਇੰਦਵਾਲ ਬਾਈਪਾਸ ਤਰਨ ਤਾਰਨ, ਵੇਈਂ-ਪੂਈਂ ਮੋੜ, ਖ਼ਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਤੋਂ ਹੁੰਦਾ ਹੋਇਆ ਜ਼ਿਲ੍ਹਾ ਕਪੂਰਥਲਾ ਵਿੱਚ ਦਾਖ਼ਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਚਾਰ ਸਥਾਨਾਂ ਉੱਪਰ ਵਿਸ਼ੇਸ਼ ਕੀਤਰਨ ਸਮਾਗਮ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੀਰਤਨ ਸਮਾਗਮ ਉਨ੍ਹਾਂ ਸਥਾਨਾਂ ਉੱਪਰ ਹੋਣਗੇ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨ ਪਏ ਹਨ। ਉਨ੍ਹਾਂ ਦੱਸਿਆ ਕਿ 22 ਨਵੰਬਰ ਨੂੰ ਸ਼ਾਮ 7:00 ਵਜੇ ਤੋਂ 9:00 ਵਜੇ ਤੱਕ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨ ਵਿਖੇ ਕੀਰਤਨ ਸਮਾਗਮ ਹੋਵੇਗਾ। ਏਸੇ ਹੀ ਦਿਨ 22 ਨਵੰਬਰ ਨੂੰ ਸ਼ਾਮ 7:00 ਵਜੇ ਤੋਂ 9:00 ਵਜੇ ਤੱਕ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਵਿਖੇ ਕੀਰਤਨ ਸਮਾਗਮ ਹੋਵੇਗਾ। ਉਨ੍ਹਾਂ ਦੱਸਿਆ ਕਿ 23 ਨਵੰਬਰ ਨੂੰ ਸ਼ਾਮ 7:00 ਵਜੇ ਤੋਂ 9:00 ਵਜੇ ਤੱਕ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ, ਚੋਹਲਾ ਸਾਹਿਬ ਵਿਖੇ ਅਤੇ 24 ਨਵੰਬਰ ਨੂੰ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ, ਖੇਮਕਰਨ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਹੋਵੇਗਾ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਹੈ।
-----------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ