
ਪਟਿਆਲਾ, 19 ਨਵੰਬਰ (ਹਿੰ. ਸ.)। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੰਦਿਰ ਸ੍ਰੀ ਕਾਲੀ ਦੇਵੀ ਅਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ। ਉਨ੍ਹਾਂ ਨੇ ਮੰਦਿਰ ਦੀ ਪਵਿੱਤਰਤਾ, ਸਫ਼ਾਈ ਅਤੇ ਸਰੋਵਰ ਦੇ ਪਾਣੀ ਦੀ ਗੁਣਵੱਤਾ ਨੂੰ ਸੁਧਾਰਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਮੀਖਿਆ ਕੀਤੀ। ਡਾ. ਪ੍ਰੀਤੀ ਯਾਦਵ ਨੇ ਖ਼ਾਸ ਤੌਰ ‘ਤੇ ਡਰੇਨੇਜ ਵਿਭਾਗ ਦੁਆਰਾ ਸਰੋਵਰ ਵਿੱਚ ਤਾਜ਼ਾ ਜਲ ਭਰਨ ਲਈ ਪਾਈ ਜਾ ਰਹੀ ਨਵੀਂ ਪਾਈਪਲਾਈਨ ਦੇ ਕੰਮ ਦੀ ਜਾਂਚ ਕੀਤੀ ਅਤੇ ਮੌਕੇ ‘ਤੇ ਮੌਜੂਦ ਤਕਨੀਕੀ ਟੀਮ ਨੂੰ ਕੰਮ ਨੂੰ ਗੁਣਵੱਤਾ ਮੁਤਾਬਕ ਤੇ ਸਮੇਂਬੱਧ ਤਰੀਕੇ ਨਾਲ ਪੂਰਾ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਵਿੱਤਰ ਸਰੋਵਰ ਦਾ ਪਾਣੀ ਸਾਫ਼ ਅਤੇ ਤਾਜ਼ਾ ਰੱਖਣਾ ਮੰਦਿਰ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਬਹੁਤ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਦਰ ਵਿੱਚ ਪਹਿਲਾਂ ਮੁਢਲੇ ਕਾਰਜਾਂ ਜਿਵੇਂ ਕਿ ਸਫ਼ਾਈ ਪ੍ਰਣਾਲੀ, ਪਾਣੀ ਸਹੂਲਤਾਂ, ਸੁਰੱਖਿਆ ਅਤੇ ਆਵਾਜਾਈ ਪ੍ਰਬੰਧਾਂ ਨੂੰ ਤਰਜੀਹ ਦੇ ਕੇ ਨਿਪਟਾਇਆ ਜਾਵੇਗਾ। ਉਸ ਤੋਂ ਬਾਅਦ ਮੰਦਿਰ ਦੇ ਚੌਗਿਰਦੇ ਦੀ ਸੁੰਦਰਤਾ ਅਤੇ ਹੋਰ ਵਿਕਾਸ ਯੋਜਨਾਵਾਂ ਨੂੰ ਅੱਗੇ ਵਧਾਇਆ ਜਾਵੇਗਾ।
ਉਨ੍ਹਾਂ ਸਬੰਧਤ ਵਿਭਾਗਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਕਿ ਕਿਸੇ ਵੀ ਕੰਮ ਦੌਰਾਨ ਸ਼ਰਧਾਲੂਆਂ ਨੂੰ ਕੋਈ ਤਕਲੀਫ਼ ਨਾ ਆਵੇ। ਮੰਦਿਰ ਵਿੱਚ ਦਰਸ਼ਨ ਕਰਨ ਆਉਣ ਵਾਲੇ ਭਗਤਾਂ ਦੀ ਸੁਵਿਧਾ ਅਤੇ ਸੁਰੱਖਿਆ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਾਰੇ ਵਿਕਾਸ ਕਾਰਜ ਸਮੇਂਸਿਰ ਅਤੇ ਮਿਆਰੀ ਪੱਧਰ ‘ਤੇ ਪੂਰੇ ਕੀਤੇ ਜਾਣ, ਤਾਂ ਜੋ ਇਹ ਇਤਿਹਾਸਿਕ ਮੰਦਿਰ ਹੋਰ ਭਵਿੱਖ ਵਿੱਚ ਪੀੜ੍ਹੀਆਂ ਲਈ ਵੀ ਸੁੰਦਰਤਾ ਅਤੇ ਸ਼ਰਧਾ ਦਾ ਕੇਂਦਰ ਬਣਿਆ ਰਹੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ