
ਬਰਨਾਲਾ, 19 ਨਵੰਬਰ (ਹਿੰ. ਸ.)। ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਦੀ ਅਗਵਾਈ ਹੇਠ ਲੱਕੀ ਡਰਾਅ ਪਰਾਲੀ 2025 ਉਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿਚ ਹੀ ਉਸ ਦਾ ਪ੍ਰਬੰਧਨ ਕੀਤਾ ।
ਇਸ ਪੜਾਅ ਦੇ ਅੱਜ ਚੌਥੇ ਡਰਾਅ 'ਚ ਜੇਤੂ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਸਨਮਾਨਿਤ ਕੀਤਾ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਦੀ ਸ਼ਲਾਘਾ ਕਰਦਿੰਆਂ ਕਿਹਾ ਕਿ ਲੱਕੀ ਡਰਾਅ (ਪਰਾਲੀ) 'ਚ 7 ਲੱਖ ਰੁਪਏ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਵੰਡੇ ਜਾਣੇ ਹਨ। ਹਰ ਹਫ਼ਤੇ ਲਗਾਤਾਰ 1 ਲੱਖ ਰੁਪਏ 25 ਕਿਸਾਨਾਂ ਵਿੱਚ ਵੰਡਿਆ ਜਾਵੇਗਾ। ਇਸ ਦੇ ਚਾਰ ਡਰਾਅ ਕੱਢੇ ਜਾ ਚੁੱਕੇ ਹਨ।
ਅੱਜ ਚੌਥੇ ਡਰਾਅ ਦੇ ਜੇਤੂਆਂ ਨੂੰ ਸਰਟੀਫ਼ਿਕੇਟ ਵੰਡੇ ਗਏ। ਇਸ ਡਰਾਅ ਵਿੱਚ ਪਹਿਲਾਂ ਇਨਾਮ ਦਵਿੰਦਰ ਸਿੰਘ ਮਨਾਲ ਨੂੰ 20000 ਰੁਪਏ, ਦੂਜਾ ਇਨਾਮ ਰਾਮ ਸਿੰਘ ਝਲੂਰ ਨੂੰ 15000 ਰੁਪਏ ਤੇ ਤੀਸਰਾ ਇਨਾਮ ਗੁਰਮੀਤ ਸਿੰਘ ਕੱਟੂ ਨੂੰ 10000 ਰੁਪਏ ਨਿਕਲਿਆ ਹੈ ਤੇ ਬਾਕੀ 22 ਕਿਸਾਨਾਂ ਨੂੰ 2500—2500 ਰੁਪਏ ਇਨਾਮ ਨਿਕਲਿਆ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਬਰਨਾਲਾ ਜ਼ਿਲ੍ਹੇ ਵਿੱਚ ਪਰਾਲੀ ਦੀ ਸੰਭਾਲ ਕਰਕੇ ਵਾਤਾਵਰਣ ਰਖ਼ਵਾਲੇ ਬਣੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨ ਵੀਰ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨ।
ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ। ਉਹ ਮਲਚਰ ਅਤੇ ਹਲਾਂ ਨਾਲ ਕਣਕ ਦੀ ਬਿਜਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਕਦੇ ਕੋਈ ਸਮੱਸਿਆ ਨਹੀਂ ਆਈ। ਕਿਸਾਨ ਬਚਿੱਤਰ ਸਿੰਘ ਵਾਸੀ ਪੱਤੀ ਸੇਖਵਾਂ ਲਗਭਗ 10 ਸਾਲਾਂ ਤੋਂ 10 ਏਕੜ ਪਰਾਲੀ ਨੂੰ ਅੱਗ ਨਾ ਲਗਾ ਕੇ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਦੇ ਹਨ। ਉਹ 10 ਜੁਲਾਈ ਦੇ ਆਸ ਪਾਸ ਝੋਨਾ ਲਗਾਉਂਦੇ ਹਨ, ਜਿਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਸਮੇਂ ਦੀ ਵੀ ਬੱਚਤ ਹੁੰਦੀ ਹੈ। ਉਸ ਦੇ ਝੋਨੇ ਦਾ ਝਾੜ ਬਹੁਤ ਵਧੀਆ ਰਿਹਾ ਹੈ ਅਤੇ ਉਹ ਮੰਡੀ ਵਿੱਚ ਸਭ ਤੋਂ ਪਹਿਲਾਂ ਝੋਨਾ ਲੈ ਕੇ ਗਿਆ, ਉਸਦੀ ਫ਼ਸਲ ਦੀ ਲਿਫਟਿੰਗ ਵਿਚ ਵੀ ਕੋਈ ਮੁਸਕਿਲ ਨਹੀਂ ਆਈ।
ਕਿਸਾਨ ਜਸਵਿੰਦਰ ਸਿੰਘ ਪਿੰਡ ਫਰਵਾਹੀ ਪਿਛਲੇ 5 ਸਾਲ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ 10 ਏਕੜ ਵਿੱਚ ਆਲੂਆਂ ਦੀ ਬਿਜਾਈ ਕਰਦੇ ਹਨ ਅਤੇ ਬਾਕੀ 7 ਏਕੜ ਵਿੱਚ ਮਲਚਿੰਗ ਵਿਧੀ ਰਾਂਹੀ ਕਣਕ ਦੀ ਬਿਜਾਈ ਕਰਦੇ ਹਨ, ਜਿਸ ਦੀ ਬਿਜਾਈ ਦਾ ਖਰਚਾ ਬਹੁਤ ਘੱਟ ਆਉਂਦਾ ਹੈ ਅਤੇ ਝਾੜ ਵਧੀਆ ਰਹਿੰਦਾ ਹੈ। ਕਿਸਾਨ ਗੁਰਮੀਤ ਸਿੰਘ ਵਾਸੀ ਸੰਘੇੜਾ ਨੇ ਦੱਸਿਆ ਕਿ ਉਹ ਸੁਪਰ ਐਸ. ਐਮ. ਐਸ. ਨਾਲ ਵਾਢੀ ਕਰਵਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ, ਫ਼ਸਲ ਬਹੁਤ ਵਧੀਆ ਰਹੀ ਹੈ ਅਤੇ ਝਾੜ ਵਧੀਆ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ