
ਤਰਨ ਤਾਰਨ, 19 ਨਵੰਬਰ (ਹਿੰ. ਸ.)। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਹ ਨਗਰ ਕੀਰਤਨ ਮਿਤੀ 21 ਨਵੰਬਰ 2025 ਨੂੰ ਜਿਲ੍ਹਾ ਤਰਨ ਤਾਰਨ ਵਿੱਚ ਸ਼ਾਮਿਲ ਹੋਵੇਗਾ, ਜਿਸ ਦਾ ਰੂਟ ਖਜ਼ਾਨਾ ਗੇਟ ਅੰਮ੍ਰਿਤਸਰ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਝਬਾਲ ਚੌਂਕ, ਨੂਰਦੀਨ ਤਰਨ ਤਾਰਨ, ਅੰਮ੍ਰਿਤਸਰ ਬਾਈਪਾਸ ਚੌਂਕ ਤਰਨ ਤਾਰਨ ਦਰਬਾਰ ਸਾਹਿਬ ਤਰਨ ਤਾਰਨ, ਟੀ ਪੁਆਇੰਟ ਨੇੜੇ ਮਾਝਾ ਕਾਲਜ, ਗੋਇੰਦਵਾਲ ਬਾਈਪਾਸ ਤਰਨ ਤਾਰਨ, ਵੇਈਂ ਪੁਈਂ ਮੋੜ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਕਪੂਰਥਲਾ ਹੋਵੇਗਾ। ਇਸ ਵਿਸ਼ਾਲ ਨਗਰ ਕੀਰਤਨ ਸਬੰਧੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੀਰਤਨ ਦੌਰਾਨ ਨਗਰ ਕੀਰਤਨ ਦੇ ਰੂਟ ਤੇ ਮੀਟ ਅਤੇ ਸ਼ਰਾਬ ਆਦਿ ਦੀਆਂ ਦੁਕਾਨਾਂ ਬੰਦ ਕਰਨੀਆਂ ਜ਼ਰੂਰੀ ਹਨ।
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਹੁਲ, ਆਈ. ਏ. ਐਸ, ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਤੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 21-11-2025 ਨੂੰ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਨਗਰ ਕੀਰਤਨ ਦੌਰਾਨ ਨਗਰ ਕੀਰਤਨ ਦੇ ਉਕਤ ਰੂਟ ਉੱਪਰ/ਨਜਦੀਕ ਸਥਿਤ ਮੀਟ ਅਤੇ ਸ਼ਰਾਬ ਆਦਿ ਦੀਆਂ ਦੁਕਾਨਾਂ ਬੰਦ ਰੱਖਣ ਹੁਕਮ ਜਾਰੀ ਕੀਤੇ ਹਨ। ਮਾਮਲੇ ਦੀ ਤੱਤਪਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ।
----------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ