
ਫਗਵਾੜਾ, 19 ਨਵੰਬਰ (ਹਿੰ. ਸ.)। ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਇੰਦਰਜੀਤ ਕਰਵਾਲ ਅਤੇ ਉਸ ਦੇ ਪੁੱਤਰ ਜਿਮੀ ਕਰਵਾਲ ’ਤੇ ਮੰਗਲਵਾਰ ਦੇਰ ਸ਼ਾਮ ਦੇ ਹੋਏ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਫਗਵਾੜਾ ਸ਼ਹਿਰ ਵਿਚ ਤਣਾਅ ਅਤੇ ਰੋਸ ਦੇ ਮਾਹੌਲ ਵਿਚ ਪੂਰਾ ਸ਼ਹਿਰ ਬੰਦ ਰਿਹਾ। ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਗਏ ਇਸ ਹਮਲੇ ਨੇ ਹਿੰਦੂ ਸੰਗਠਨਾਂ ਵਿਚ ਭਾਰੀ ਗੁੱਸਾ ਪੈਦਾ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰਵਾਈ ਅਤੇ ਗ੍ਰਿਫ਼ਤਾਰੀਆਂ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਐਸ.ਐੱਸ.ਪੀ. ਗੌਰਵ ਤੂਰਾ, ਐਸ.ਪੀ. ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਐਸ.ਐਚ.ਓ. ਉਸ਼ਾ ਰਾਣੀ ਦੀ ਸ਼ਿਕਾਇਤ ’ਤੇ ਸੈਕਸ਼ਨ 109, 126(2), 190, 191(3), 25 ਬੀ.ਐਨ.ਐੱਸ. ਤਹਿਤ 6 ਹਮਲਾਵਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਦੋ ਦੋਸ਼ੀਆਂ ਦੀ ਪਹਿਚਾਣ ਤਨਿਸ਼ ਭਿੰਡਾ ਅਤੇ ਸੁਨੀਲ, ਨਿਵਾਸੀ ਬਲਮੀਕੀ ਮੁਹੱਲਾ ਫਗਵਾੜਾ ਵਜੋਂ ਹੋਈ ਹੈ। ਸ਼ਿਕਾਇਤ ਮੁਤਾਬਕ ਮੰਗਲਵਾਰ ਨੂੰ ਸ਼ਾਮ ਕਰੀਬ 6:25 ਵਜੇ ਗਊਸ਼ਾਲਾ ਬਜ਼ਾਰ ਨੇੜੇ ਇਹ ਦੋਸ਼ੀ 2–3 ਹੋਰ ਅਣ-ਪਛਾਤੇ ਲੋਕਾਂ ਸਮੇਤ ਇੰਦਰਜੀਤ ਕਰਵਾਲ ਅਤੇ ਉਸ ਦੇ ਪੁੱਤਰ ਨੂੰ ਘੇਰ ਕੇ ਬੇਰਹਮੀ ਨਾਲ ਕੁੱਟਣ ਲੱਗੇ। ਹਮਲੇ ਦੌਰਾਨ ਕਤਲ ਕਰਨ ਦੀ ਨੀਅਤ ਨਾਲ ਕੁੱਟਮਾਰ ਅਤੇ ਫਿਰ ਹਵਾਈ ਫਾਇਰ ਕਰਕੇ ਦਹਿਸ਼ਤ ਫੈਲਾਉਣ ਦੇ ਦੋਸ਼ ਵੀ ਲਗੇ ਹਨ। ਜ਼ਖ਼ਮੀਆਂ ਨੂੰ ਤੁਰੰਤ ਫਗਵਾੜਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ। ਬੁੱਧਵਾਰ ਨੂੰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਜਿਵੇਂ ਹੀ ਹਮਲੇ ਦੀ ਖ਼ਬਰ ਫੈਲੀ, ਕਈ ਹਿੰਦੂ ਸੰਗਠਨਾਂ ਦੇ ਨੇਤਾ ਹਸਪਤਾਲ ਪਹੁੰਚੇ ਅਤੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਾਨੂੰਨ-ਵਿਵਸਥਾ ਦੀ ਖ਼ਰਾਬੀ ’ਤੇ ਚਿੰਤਾ ਜਤਾਈ ਅਤੇ ਸਾਰੇ ਨਾਮਜ਼ਦ ਅਤੇ ਅਣਪਛਾਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ