
ਬਟਾਲਾ, 19 ਨਵੰਬਰ (ਹਿੰ. ਸ.)। ਬਟਾਲਾ ਸ਼ਹਿਰ ਹੁਣ ਰਾਤ ਨੂੰ ਵੀ ਲਾਈਟਾਂ ਦੀ ਰੋਸ਼ਨੀ ਵਿੱਚ ਰੁੁਸ਼ਨਾਏਗਾ। ਦੂਜੇ ਦਿਨ ਲਗਾਤਾਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਤੇ ਉਤਸ਼ਾਹੀ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦੀ ਮੰਗ ਪੂਰੀ ਕਰਦਿਆਂ 1 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਗਾਂਧੀ ਚੌਂਕ ਤੋਂ ਭਗਵਾਨ ਅਗਰਸੈਨ ਚੌਂਕ ਤੱਕ 80 ਲਾਈਟਾਂ ਅਤੇ ਬੱਸ ਸਟੈਂਡ ਤੋਂ ਉਸਮਾਨਪੁਰ ਸਿਟੀ ਤੱਕ 135 ਲਾਈਟਾਂ ਲਗਾਉਣ ਦਾ ਦੁਕਾਨਦਾਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਸਖਸ਼ੀਅਤਾਂ ਦੀ ਮੋਜੂਦਗੀ ਵਿੱਚ ਉਦਘਾਟਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਬਟਾਲਾ ਸ਼ਹਿਰ ਸਮੇਤ ਸਮੁੱਚੇ ਹਲਕੇ ਦੇ ਲੋਕਾਂ ਦੀਆਂ ਚਿਰੋਕਣੀ ਮੰਗਾਂ ਪੂਰੀਆਂ ਕਰਨ ਲਈ ਉਹ ਵਚਨਬੱਧ ਹਨ ਅਤੇ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।
ਇਸ ਮੌਕੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਉਪਰੋਕਤ ਸੜਕਾਂ ਤੇ ਰਾਤ ਸਮੇਂ ਲਾਈਟਾਂ ਨਾ ਹੋਣ ਕਾਰਨ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਧਾਇਕ ਸ਼ੈਰੀ ਕਲਸੀ ਦੇ ਧਿਆਨ ਵਿੱਚ ਇਹ ਮੁਸ਼ਕਲ ਲਿਆਂਦੀ ਅਤੇ ਅੱਜ ਵਿਧਾਇਕ ਸ਼ੈਰੀ ਕਲਸੀ ਵਲੋਂ ਉਨ੍ਹਾਂ ਦੀ ਮੰਗ ਪੂਰੀ ਕੀਤੀ ਗਈ ਹੈ ਅਤੇ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਉਸਮਾਨਪੁਰ ਸਿਟੀ ਤੋਂ ਭਗਵਾਨ ਅਗਰਸੈਨ ਚੌਂਕ, ਬਟਾਲਾ- ਸ੍ਰੀ ਅੰਮਿ੍ਤਸਰ ਸਾਹਿਬ ਬਾਈਪਾਸ ਤੱਕ ਦੁਕਾਨਦਾਰਾਂ ਵਲੋਂ ਲਾਈਟਾਂ ਨਾ ਲੱਗਣ ਹੋਣ ਦੀ ਮੁਸ਼ਕਿਲ ਉਨ੍ਹਾਂ ਨੇ ਧਿਆਨ ਵਿੱਚ ਲਿਆਂਦੀ ਸੀ, ਜਿਸ ਨੂੰ ਅੱਜ ਹੱਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਣ ਰਾਤ ਵੇਲੇ ਅਤੇ ਸਵੇਰ ਸਾਰ ਲੋਕਾਂ ਨੂੰ ਲਾਈਟਾਂ ਲੱਗਣ ਨਾਲ ਆਵਾਜਾਈ ਦੌਰਾਨ ਮੁਸਕਿਲ ਤੋਂ ਨਿਜਾਤ ਮਿਲੇਗੀ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਬਟਾਲਾ ਨੂੰ ਹੋਰ ਖੂਬਸੂਰਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਹਲਕੇ ਵਿੱਚ ਵਿਕਾਸ ਕੰਮ ਤੇਜਗਤੀ ਨਾਲ ਚੱਲ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਵਲੋਂ ਬਟਾਲਾ ਵਾਸੀਆਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠਾਂ ਵੱਖ ਵੱਖ ਸਰਕਾਰੀ ਸਹੂਲਤਾਂ ਦੇਣ ਦੇ ਮੰਤਵ ਨਾਲ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਹੈ। ਸ਼ਹਿਰ ਅੰਦਰ ਚੌਂਕਾਂ ਨੂੰ ਚੋੜਾ ਕਰਕੇ ਖੂਬਸੂਰਤ ਬਣਾਇਆ ਗਿਆਹੈ। ਸ਼ਹਿਰ ਦੀ ਲਾਇਬ੍ਰੇਰੀ ਦੀ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਹੈ। ਸਕੂਲ ਆਫ ਐੱਮੀਨੈੱਸ ਦੀ ਉਸਾਰੀ ਕਰਵਾਈ ਗਈ ਹੈ। ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਸ਼ਹਿਰ ਅੰਦਰ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਯਤਨ ਕੀਤੇ ਗਏ ਹਨ ਅਤੇ ਹਰ ਵਰਗ ਦੀ ਭਲਾਈ ਲਈ ਵਿਕਾਸ ਕੰਮ ਕੀਤੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਸੰਜੀਵ