
ਪਟਿਆਲਾ, 19 ਨਵੰਬਰ (ਹਿੰ. ਸ.)। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਯਾਦਗਾਰ ਨੂੰ ਸਮਰਪਿਤ ਕਰਦਿਆਂ ਪੰਜਾਬ ਸਰਕਾਰ ਵੱਲੋਂ 19 ਨਵੰਬਰ ਤੋਂ 25 ਨਵੰਬਰ ਤੱਕ ਇੱਕ ਹਫ਼ਤੇ ਲਈ ਰੋਜ਼ਾਨਾ ਘੱਟੋ-ਘੱਟ ਇੱਕ ਘੰਟੇ ਦੇ ਯਾਦਗਾਰੀ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਰਕਾਰੀ ਸਕੂਲਾਂ ਵਿੱਚ ਡੀਬੇਟ, ਡੈਕਲਾਮੇਸ਼ਨ, ਸੈਮੀਨਾਰ, ਲੇਖ ਮੁਕਾਬਲੇ ਅਤੇ ਕਵਿਤਾ ਉਚਾਰਣ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਬਲਿਦਾਨ, ਉਪਦੇਸ਼ਾਂ ਅਤੇ ਉਨ੍ਹਾਂ ਦੇ ਰੌਸ਼ਨਮਈ ਜੀਵਨ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਹੋ ਸਕੇ।
ਇਸ ਲੜੀ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਛੇਂਵੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਡੀਬੇਟ ਵਿੱਚ ਭਾਗ ਲਿਆ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਵੱਖ-ਵੱਖ ਯਾਤਰਾਵਾਂ ਬਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੇ ਗੁਰੂ ਸਾਹਿਬ ਵੱਲੋਂ ਦੇਸ਼ ਭਰ ਵਿੱਚ ਕੀਤੀਆਂ ਧਰਮ ਪ੍ਰਚਾਰ ਯਾਤਰਾਵਾਂ ਦੀਆਂ ਪ੍ਰੇਰਣਾਦਾਇਕ ਸਾਖੀਆਂ ਵਿਦਿਆਰਥੀਆਂ ਨੂੰ ਸੁਣਾਈਆਂ, ਜਿਨ੍ਹਾਂ ਨੂੰ ਬੱਚਿਆਂ ਨੇ ਬੜੇ ਧਿਆਨ ਅਤੇ ਸ਼ਰਧਾ ਨਾਲ ਸੁਣਿਆ। ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੀ ਨਿਮਰਤਾ, ਧਰਮ ਦੀ ਰੱਖਿਆ ਲਈ ਕੀਤੇ ਬੇਮਿਸਾਲ ਯੋਗਦਾਨ ਅਤੇ ਮਾਨਵਤਾ ਲਈ ਕੀਤੀਆਂ ਕੁਰਬਾਨੀਆਂ ਬਾਰੇ ਵਧੇਰੇ ਜਾਣਕਾਰੀ ਵੀ ਆਪਣੇ ਅਧਿਆਪਕਾਂ ਤੋਂ ਪ੍ਰਾਪਤ ਕੀਤੀ।
ਡੀਬੇਟ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ, ਧਰਮ ਨਿਭਾਹ ਅਤੇ ਸਹਿਣਸ਼ੀਲਤਾ ਦੇ ਮੂਲ ਸਿਧਾਂਤਾਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਸਰਕਾਰ ਦਾ ਇਹ ਉਪਰਾਲਾ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਵਿਰਾਸਤ ਅਤੇ ਮਹਾਨ ਸ਼ਹੀਦਾਂ ਦੀਆਂ ਅਮਰ ਕੁਰਬਾਨੀਆਂ ਨਾਲ ਜੋੜਨ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ