
ਫਾਜ਼ਿਲਕਾ 20 ਨਵੰਬਰ (ਹਿੰ. ਸ.)। ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਤੇ ਰਹਿੰਦ-ਖੂਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਫੀਲਡ ਵਿਚ ਰਹਿ ਕੇ ਜਾਗਰੂਕ ਕਰ ਰਹੀਆਂ ਹਨ। ਆਪਣੇ ਵਾਤਾਵਰਣ ਦੀ ਸ਼ੁਧਤਾ ਨੂੰ ਬਰਕਰਾਰ ਰੱਖਣ ਅਤੇ ਬਿਮਾਰੀਆਂ ਮੁਕਤ ਆਲਾ-ਦੁਆਲਾ ਬਣਾਈ ਰੱਖਣ ਲਈ ਪਰਾਲੀ ਸਾੜਨ ਦੇ ਰੁਝਾਨ ਨੂੰ ਬੰਦ ਕਰਨਾ ਚਾਹੀਦਾ ਹੈ। ਇਸ ਕੜੀ ਤਹਿਤ ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤ ਪਾਲ ਕੌਰ ਆਪਣੀਆਂ ਟੀਮਾਂ ਸਮੇਤ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕਰ ਰਹੇ ਹਨ।
ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਬੁਰਜ ਮੁਹਾਰ, ਬਲੂਆਣਾ, ਤਾਜਾ ਪੱਟੀ, ਰੁਹੇੜਿਆਂ ਵਾਲੀ, ਸੀਡ ਫਾਰਮ ਕੱਚਾ, ਸੀਡ ਫਾਰਮ ਪੱਕਾ, ਅਬੋਹਰ 1, ਗੋਬਿੰਦਗੜ, ਬਹਾਵਲ ਵਾਸੀ, ਕੇਰਾ ਖੇੜਾ, ਮਲੂਕਪੁਰਾ, ਢਾਬਾ ਕੋਕਰੀਆਂ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਮਿਲ ਪਰਾਲੀ ਪ੍ਰਬੰਧਨ ਪ੍ਰਤੀ ਸੁਝਾਅ ਦਿੱਤੇ। ਉਨ੍ਹਾ ਕਿਹਾ ਕਿ ਅਨੇਕਾ ਕਿਸਾਨ ਵੀਰਾਂ ਵੱਲੋਂ ਪਰਾਲੀ ਨਾ ਸਾੜ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦਾ ਕਾਫੀ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖੀ ਪੀੜ. ਨੂੰ ਸ਼ੁੱਧ ਤੇ ਬਿਮਾਰੀਆਂ ਮੁਕਤ ਮਾਹੌਲ ਦੇਣ ਲਈ ਪਰਾਲੀ ਸਾੜਨ ਦੇ ਰੁਝਾਨ ਦੀ ਰੋਕਥਾਮ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਸਾਨ ਵੀਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪਰਾਲੀ ਖਾਦ ਵਜੋਂ ਕੰਮ ਕਰਦੀ ਹੈ, ਇਸ ਲਈ ਇਸਨੂੰ ਖੇਤ ਵਿਚ ਵਹਾ ਕੇ ਫਸਲ ਦੀ ਬਿਜਾਈ ਕਰਨੀ ਚਾਹੀਦੀ ਹੈ। ਪਰਾਲੀ ਸਾੜ ਕੇ ਅਸੀਂ ਜਮੀਨ ਦੇ ਜਰੂਰੀ ਤੱਤ ਨਸ਼ਟ ਕਰ ਦਿੰਦੇ ਹਾਂ ਤੇ ਹੋਰ ਖਾਦਾਂ ਸਪਰੇਆਂ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਖਰਚਿਆਂ ਵਿਚ ਵੀ ਵਾਧਾ ਹੁੰਦਾ ਹੈ। ਪਰਾਲੀ ਜੋ ਕਿ ਖਾਦ ਦੇ ਰੂਪ ਵਿਚ ਉਪਲਬਧ ਹੈ ਇਸ ਨੂੰ ਖੇਤੀਬਾੜੀ ਸੰਦਾਂ ਦੀ ਵਰਤੋਂ ਨਾਲ ਜਮੀਨ ਵਿਚ ਰਲਾਇਆ ਜਾਵੇ ਤਾਂ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕਦਾ ਹੈ ਤੇ ਜਮੀਨ ਦੀ ਉਪਜਾਉ ਸ਼ਕਤੀ ਵੀ ਬਣੀ ਰਹੇਗੀ ਤੇ ਅਗਲੇਰੀ ਫਸਲ ਨੂੰ ਜਰੂਰੀ ਪੋਸ਼ਕ ਤੱਕ ਵੀ ਮਿਲ ਸਕਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ