ਫਰੀਦਕੋਟ : ਔਰਤਾਂ/ਲੜਕੀਆਂ ਲਈ ਜ਼ਿਲ੍ਹਾ ਪੱਧਰੀ ਕੈਂਪ ਸਿਹਤ ਅਤੇ ਰੁਜ਼ਗਾਰ ਕੈਂਪ ਆਫ਼ੀਸਰ ਕਲੱਬ 'ਚ ਆਯੋਜਿਤ
ਫ਼ਰੀਦਕੋਟ, 20 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਦੇ ਸਹਿਯੋਗ ਨਾਲ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਸਰਕਾਰੀ ਸਹੂਲਤਾਂ, ਰੁਜ਼ਗਾਰ ਦੇ ਮੌਕੇ, ਮੁਫ਼ਤ ਸਿਹਤ ਜਾਂਚ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸੰਬੋਧਨ ਕਰਦੇ ਹੋਏ।


ਫ਼ਰੀਦਕੋਟ, 20 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਦੇ ਸਹਿਯੋਗ ਨਾਲ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਸਰਕਾਰੀ ਸਹੂਲਤਾਂ, ਰੁਜ਼ਗਾਰ ਦੇ ਮੌਕੇ, ਮੁਫ਼ਤ ਸਿਹਤ ਜਾਂਚ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਆਫ਼ੀਸਰ ਕਲੱਬ ਫਰੀਦਕੋਟ ਵਿੱਚ ਵਿਸ਼ੇਸ਼ ਜ਼ਿਲ੍ਹਾ ਪੱਧਰੀ ਕੈਂਪ ਆਯੋਜਿਤ ਕੀਤਾ ਗਿਆ।

ਇਸ ਕੈਂਪ ਵਿੱਚ ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਹਰਜੋਤ ਕੌਰ, ਐਸ.ਡੀ.ਐਮ. ਫ਼ਰੀਦਕੋਟ ਮੇਜਰ ਡਾ. ਵਰੁਣ ਕੁਮਾਰ ਅਤੇ ਜੀ.ਏ. ਫਰੀਦਕੋਟ ਗੁਰਕਿਰਨਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਆਪਣੇ ਸੰਬੋਧਨ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਅਤੇ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਹੈ ਕਿ ਔਰਤਾਂ ਨੂੰ ਸਰਕਾਰੀ ਹੀ ਨਹੀਂ ਬਲਕਿ ਪ੍ਰਾਈਵੇਟ ਨੌਕਰੀਆਂ ਨਾਲ ਵੀ ਜੋੜਿਆ ਜਾਵੇ, ਤਾਂ ਜੋ ਉਹ ਸਮਾਜ ਵਿੱਚ ਹੋਰ ਅੱਗੇ ਆ ਸਕਣ। ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਦਾ ਜ਼ਿਲ੍ਹਾ ਪੱਧਰੀ ਕੈਂਪ ਇੱਕ ਮਹੱਤਵਪੂਰਣ ਕਦਮ ਹੈ।

ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਕਈ ਲੜਕੀਆਂ ਵਿੱਚ ਹੁਨਰ ਹੈ ਪਰ ਆਰਥਿਕ ਤੰਗੀ ਕਾਰਨ ਉਹ ਅੱਗੇ ਨਹੀਂ ਆ ਸਕਦੀਆਂ। ਕੈਂਪ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਭਾਗ ਵੱਲੋਂ ਸਪੈਸ਼ਲ ਕਾਊਂਟਰ ਲਗਾਏ ਗਏ ਹਨ, ਜਿਥੇ ਉਨ੍ਹਾਂ ਨੂੰ ਅਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਸਬੰਧੀ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਬਲਾਕ ਪੱਧਰ 'ਤੇ ਵੀ ਲਗਾਏ ਜਾਣਗੇ, ਕਿਉਂਕਿ ਜ਼ਿਆਦਾਤਰ ਔਰਤਾਂ ਅਤੇ ਲੜਕੀਆਂ ਪਿੰਡਾਂ ਵਿੱਚ ਰਹਿੰਦੀਆਂ ਹਨ ਅਤੇ ਉਨ੍ਹਾਂ ਨੂੰ ਮੋਕੇ ਦੇ ਕੇ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ।

ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦਾ ਸੁਪਨਾ ਔਰਤਾਂ ਦੀ ਭਾਗੀਦਾਰੀ ਤੋਂ ਬਿਨਾਂ ਸੰਭਵ ਨਹੀਂ। ਫ਼ਰੀਦਕੋਟ ਦੀਆਂ ਧੀਆਂ ਨੇ ਸਿੱਖਿਆ ਅਤੇ ਖੇਡਾਂ ਵਿੱਚ ਪਹਿਲਾਂ ਵੀ ਜ਼ਿਲ੍ਹੇ ਅਤੇ ਰਾਜ ਦਾ ਮਾਣ ਵਧਾਇਆ ਹੈ ਅਤੇ ਇਹ ਕੈਂਪ ਅਜਿਹੇ ਹੋਣਹਾਰਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਹੈ।

ਜਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਨੇ ਦੱਸਿਆ ਕਿ ਵਿਸ਼ੇਸ਼ ਕੈਂਪ ਵਿੱਚ 16 ਕੰਪਨੀਆਂ ਵੱਲੋਂ ਇੰਟਰਵਿਊ ਕੀਤੇ ਗਏ, ਮੌਕੇ 'ਤੇ ਹੀ 70 ਲੜਕੀਆਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ 12 ਡਾਕਟਰਾਂ ਦੀ ਟੀਮ ਨੇ 200 ਔਰਤਾਂ/ਲੜਕੀਆਂ ਦਾ ਮੁਫ਼ਤ ਸਿਹਤ ਚੈਕਅੱਪ ਕੀਤਾ। ਇਸ ਮੌਕੇ ਕੈਂਸਰ ਸਕਰੀਨਿੰਗ ਸਬੰਧੀ ਸਪੈਸ਼ਲ ਵੈਨ ਵੱਲੋਂ ਵੀ ਔਰਤਾਂ ਦਾ ਚੈੱਕਅੱਪ ਕੀਤਾ ਗਿਆ। ਕੈਂਪ ਵਿੱਚ 10 ਸੈਲਫ ਹੈਲਪ ਗਰੁੱਪਾਂ ਨੇ ਵੀ ਆਪਣੇ ਕੰਮਾਂ ਬਾਰੇ ਜਾਣਕਾਰੀ ਦੇ ਕੇ ਹੋਰ ਔਰਤਾਂ ਨੂੰ ਪ੍ਰੇਰਿਤ ਕੀਤਾ।

ਇਸ ਮੌਕੇ ਵਿਧਾਇਕ ਫ਼ਰੀਦਕੋਟ ਵੱਲੋਂ 70 ਲੜਕੀਆਂ ਨੂੰ ਵੱਖ ਵੱਖ ਕੰਪਨੀਆਂ ਵੱਲੋਂ ਨਿਯਕੁਤੀ ਪੱਤਰ ਅਤੇ 25 ਖਿਡਾਰੀ ਲੜਕੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ । ਇਸਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੀਆਂ ਔਰਤਾਂ, ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੇਟੀ ਬਚਾਓ , ਬੇਟੀ ਪੜ੍ਹਾਓ ਸਕੀਮ ਤਹਿਤ 6 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਗਈ। ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀ ਜਸਬੀਰ ਸਿੰਘ ਜੱਸੀ ਵੱਲੋਂ ਨਿਭਾਈ ਗਈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande