
ਤਰਨਤਾਰਨ, 20 ਨਵੰਬਰ (ਹਿੰ. ਸ.)। ਭਾਰਤ ਸਰਕਾਰ ਦੇ ਯੂਥ ਅਫੇਅਰਜ਼ ਅਤੇ ਖੇਡ ਮੰਤਰਾਲੇ ਵੱਲੋਂ ਮਾਈ ਭਾਰਤ ਦੇ ਜ਼ਰੀਏ `ਵਿਕਸਤ ਭਾਰਤ ਪੈਦਲ ਯਾਤਰਾ (ਸਰਦਾਰ-150 ਏਕਤਾ ਮਾਰਚ) ਦਾ 22 ਨਵੰਬਰ ਨੂੰ ਤਰਨ ਤਾਰਨ ਵਿਖੇ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਸਲੀਨ ਕੌਰ, ਡਿਪਟੀ ਡਾਇਰੈਕਟਰ, ਮਾਈ ਭਾਰਤ ਤਰਨਤਾਰਨ ਨੇ ਦੱਸਿਆ ਕਿ ਇਹ ਪਦਯਾਤਰਾ 22 ਨਵੰਬਰ 2025 ਨੂੰ ਆਯੋਜਿਤ ਕੀਤੀ ਜਾਵੇਗੀ ਜੋ ਯੂਥ ਹੋਸਟਲ, ਪੁਲਿਸ ਲਾਈਨ ਤੋਂ ਸ਼ੁਰੂ ਹੋਵੇਗੀ ਅਤੇ ਝਬਾਲ ਬਾਈਪਾਸ ਰਾਹੀਂ ਸਿਵਲ ਹਸਪਤਾਲ ਤਰਨ ਤਾਰਨ ਤੱਕ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪੈਦਲ ਯਾਤਰਾ ਏਕਤਾ, ਸਦਭਾਵਨਾ ਅਤੇ ਜਨ ਭਾਗੀਦਾਰੀ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ।
ਉਨ੍ਹਾਂ ਦੱਸਿਆ ਕਿ ਯੂਥ ਅਫੇਅਰਜ਼ ਅਤੇ ਖੇਡ ਮੰਤਰਾਲਾ, ਮਾਈ ਭਾਰਤ ਦੇ ਜ਼ਰੀਏ, ਵਿਕਸਿਤ ਭਾਰਤ ਪਦਯਾਤਰਾ ਦਾ ਆਯੋਜਨ ਕਰ ਰਿਹਾ ਹੈ ਅਤੇ ਇਹ ਰਾਸ਼ਟਰ ਪੱਧਰੀ ਪਹਿਲ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਜੇਅੰਤੀ ਨੂੰ ਸਮਰਪਿਤ ਹੈ। ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਵਿੱਚ ਏਕਤਾ, ਨਾਗਰਿਕ ਜ਼ਿੰਮੇਵਾਰੀ ਅਤੇ ਦੇਸ਼-ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ, ਜੋ ਮਾਨਯੋਗ ਪ੍ਰਧਾਨ ਮੰਤਰੀ ਦੇ ਜਨ ਭਾਗੀਦਾਰੀ ਇਨ ਰਾਸ਼ਟ੍ਰ ਨਿਰਮਾਣ ਦੇ ਦਰਸ਼ਨ ਦੇ ਅਨੁਸਾਰ ਹੈ।
ਜਸਲੀਨ ਕੌਰ, ਡਿਪਟੀ ਡਾਇਰੈਕਟਰ, ਮਾਈ ਭਾਰਤ ਤਰਨਤਾਰਨ ਨੇ ਦੱਸਿਆ ਕਿ ਇਹ ਮੁਹਿੰਮ 6 ਅਕਤੂਬਰ 2025 ਨੂੰ ਮਾਨਯੋਗ ਕੇਂਦਰੀ ਯੂਥ ਅਫੇਅਰਜ਼ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਵੱਲੋਂ ਮਾਈ ਭਾਰਤ ਪਲੇਟਫਾਰਮ ਰਾਹੀਂ ਡਿਜ਼ਿਟਲ ਤੌਰ `ਤੇ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਪਹਿਲ ਤਹਿਤ ਸਰਦਾਰ ਐਟ 150 ਏਕਤਾ ਮਾਰਚ ਦੇਸ਼ ਭਰ ਵਿੱਚ ਦੋ ਪੜਾਅ ਵਿੱਚ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਪੱਧਰ `ਤੇ ਪੈਦਲ ਯਾਤਰਾਵਾਂ 31 ਅਕਤੂਬਰ ਤੋਂ 25 ਨਵੰਬਰ 2025 ਤੱਕ, ਹਰ ਸੰਸਦੀ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਦੂਜੇ ਪੜਾਅ ਵਿੱਚ ਰਾਸ਼ਟਰੀ ਪੈਦਲ ਯਾਤਰਾ 26 ਨਵੰਬਰ ਤੋਂ 6 ਦਸੰਬਰ 2025 ਤੱਕ, 152 ਕਿਲੋਮੀਟਰ ਦੀ ਯਾਤਰਾ ਕਰਮਸਦ ਤੋਂ ਸਟੈਚੂ ਆਫ ਯੂਨਿਟੀ, ਕੇਵੜੀਆ ਤੱਕ ਹੋਵੇਗੀ।
ਜਸਲੀਨ ਕੌਰ, ਡਿਪਟੀ ਡਾਇਰੈਕਟਰ, ਮਾਈ ਭਾਰਤ ਤਰਨਤਾਰਨ ਨੇ ਦੱਸਿਆ ਕਿ 22 ਨਵੰਬਰ ਨੂੰ ਸਵੇਰੇ ਤਰਨ ਤਾਰਨ ਵਿਖੇ ਹੋਣ ਵਾਲੀ ਪੈਦਲ ਯਾਤਰਾ ਵਿੱਚ ਨੌਜਵਾਨ ਸਵੈ-ਸੇਵਕਾਂ, ਐਨਐਸਐਸ ਯੂਨਿਟਾਂ, ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਪ੍ਰਤੀਨਿਧੀਆਂ ਦੀ ਉਤਸ਼ਾਹਪੂਰਣ ਭਾਗੀਦਾਰੀ ਹੋਵੇਗੀ। ਇਹ ਮੁਹਿੰਮ ਇਕ ਭਾਰਤ, ਸ਼੍ਰੇਸ਼ਠ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਆਦਰਸ਼ਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਸਰਦਾਰ ਵੱਲਭਭਾਈ ਪਟੇਲ ਦੀ ਉਸ ਮਹਾਨ ਵਿਰਾਸਤ ਨੂੰ ਨਮਨ ਕਰੇਗੀ ਜਿਸ ਨੇ ਭਾਰਤ ਨੂੰ ਇੱਕ ਰਾਸ਼ਟਰ ਵਜੋਂ ਜੋੜਿਆ।
ਉਨ੍ਹਾਂ ਸਾਰੇ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਈ ਭਾਰਤ ਪੋਰਟਲ :https://mybharat.gov.in/pages/unity_march ਰਾਹੀਂ ਰਜਿਸਟਰ ਕਰਨ ਅਤੇ ਇਸ ਰਾਸ਼ਟਰੀ ਏਕਤਾ ਅਤੇ ਸੇਵਾ ਦੇ ਸਮਾਗਮ ਵਿੱਚ ਵੱਧ-ਚੜ ਕੇ ਭਾਗ ਲੈਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ