ਕਣਕ 'ਚ ਮੈਗਨੀਜ਼ ਤੱਤ ਦੀ ਘਾਟ ਦੀ ਰੋਕਥਾਮ ਸਬੰਧੀ ਪਿੰਡ ਹੇੜੀਕੇ ਵਿਖੇ ਲਗਾਈ ਕਿਸਾਨ ਗੋਸ਼ਟੀ
ਸੰਗਰੂਰ, 20 ਨਵੰਬਰ (ਹਿੰ. ਸ.)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਹੇੜੀਕੇ ਵਿਖੇ ਕਣਕ ਵਿੱਚ ਮੈਗਨੀਜ਼ ਤੱਤ ਦੀ ਘਾਟ ਦੀ ਰੋਕਥਾਮ ਸਬੰਧੀ ਕਿਸਾਨ ਗੋਸ਼ਟੀ ਲਗਾਈ ਗਈ । ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ
ਕਣਕ ਵਿੱਚ ਮੈਗਨੀਜ਼ ਤੱਤ ਦੀ ਘਾਟ ਦੀ ਰੋਕਥਾਮ ਸਬੰਧੀ ਪਿੰਡ ਹੇੜੀਕੇ ਵਿਖੇ ਲਗਾਈ ਕਿਸਾਨ ਗੋਸ਼ਟੀ ਦਾ ਦ੍ਰਿਸ਼।


ਸੰਗਰੂਰ, 20 ਨਵੰਬਰ (ਹਿੰ. ਸ.)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਹੇੜੀਕੇ ਵਿਖੇ ਕਣਕ ਵਿੱਚ ਮੈਗਨੀਜ਼ ਤੱਤ ਦੀ ਘਾਟ ਦੀ ਰੋਕਥਾਮ ਸਬੰਧੀ ਕਿਸਾਨ ਗੋਸ਼ਟੀ ਲਗਾਈ ਗਈ ।

ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਨੇ ਕਣਕ ਵਿੱਚ ਮੈਗਨੀਜ਼ ਤੱਤ ਦੀ ਘਾਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਾਟ ਆਮ ਤੌਰ ਤੇ ਝੋਨਾ-ਕਣਕ ਫ਼ਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਵੇਖਣ ਵਿੱਚ ਆਉਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ। ਬਹੁਤ ਜ਼ਿਆਦਾ ਘਾਟ ਆਉਣ ਨਾਲ ਬੂਟੇ ਬਿਲਕੁਲ ਸੁੱਕ ਜਾਂਦੇ ਹਨ।

ਉਹਨਾਂ ਦੱਸਿਆ ਕਿ ਮੈਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਜਿੱਥੇ ਮਿੱਟੀ ਪਰਖ ਰਿਪੋਰਟ ਵਿੱਚ ਮੈਗਨੀਜ਼ ਤੱਤ ਦੀ ਮਾਤਰਾ 3.5 ਕਿੱਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਉੱਥੇ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰਨੇ ਚਾਹੀਦੇ ਹਨ। ਹਾੜ੍ਹੀ ਦੀਆਂ ਮੁੱਖ ਫਸਲਾਂ ਵਿੱਚ ਸੁਚੱਜੇ ਖੁਰਾਕ ਪ੍ਰਬੰਧਨ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਡਾ. ਗਰਗ ਨੇ ਕਣਕ ਵਿੱਚ ਯੂਰੀਆ, ਜ਼ਿੰਕ ਅਤੇ ਗੰਧਕ ਦੀ ਲੋੜੀਂਦੀ ਮਾਤਰਾ ਬਾਰੇ ਵੀ ਚਾਣਨਾ ਪਾਇਆ। ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਜਿਵੇਂ ਕਿ ਕਣਕ ਵਿੱਚ ਜ਼ਿੰਕ ਅਤੇ ਗੰਧਕ ਦੀ ਘਾਟ ਦਾ ਪ੍ਰਬੰਧਨ, ਚੂਨੇ ਦੇ ਪਾਣੀ ਦੀ ਲੋੜ, ਮਿੱਟੀ ਪਰਖ ਰਿਪੋਰਟ ਦੀ ਵਿਆਖਿਆ, ਨੈਨੋ ਯੂਰੀਆ ਨਾ ਵਰਤਣ ਤੇ ਜੋਰ, ਕਈ ਖਾਦਾਂ ਨੂੰ ਰਲਾ ਕੇ ਵਰਤਣ ਦੇ ਨੁਕਸਾਨ ਆਦਿ ਦੇ ਜਵਾਬ ਦਿੱਤੇ ਗਏ।

ਇਸ ਮੌਕੇ ਤੇ ਪਿੰਡ ਦੇ ਅਗਾਂਹਵਧੂ ਕਿਸਾਨ ਰਵਿੰਦਰ ਸਿੰਘ ਨੇ ਕਿਸਾਨ ਗੋਸ਼ਟੀ ਲਗਾਉਣ ਵਿੱਚ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਖੇਤ ਵਿੱਚ ਮੈਗਨੀਜ਼ ਤੱਤ ਦੀ ਘਾਟ ਵਾਲੇ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਛਿੜਕਾਅ ਕਰਨ ਲਈ ਪ੍ਰਦਰਸ਼ਨੀ ਦੇ ਤੌਰ ਤੇ ਮੈਗਨੀਜ਼ ਸਲਫੇਟ ਵੀ ਦਿੱਤਾ ਗਿਆ। ਅੰਤ ਵਿੱਚ ਟੀਮ ਨੇ ਕਣਕ ਦੇ ਖੇਤਾਂ ਦਾ ਦੌਰਾ ਵੀ ਕੀਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande