
ਭਵਾਨੀਗੜ੍ਹ, 20 ਨਵੰਬਰ (ਹਿੰ. ਸ.)। ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਭਵਾਨੀਗੜ੍ਹ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਾਲੇ ਦੋ ਮਹੱਤਵਪੂਰਨ ਪ੍ਰੋਜੈਕਟਾਂ —01.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਆਧੁਨਿਕ ਪਾਰਕ ਅਤੇ 70 ਲੱਖ ਰੁਪਏ ਦੀ ਲਾਗਤ ਨਾਲ ਬਣੀ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ — ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਵਿੱਚ ਖਾਸ ਉਤਸ਼ਾਹ ਅਤੇ ਰੁਚੀ ਦੇਖਣ ਯੋਗ ਰਹੀ।
ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਹਰ ਸ਼ਹਿਰ ਤੇ ਪਿੰਡ ਦੇ ਸੰਤੁਲਿਤ ਵਿਕਾਸ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਭਵਾਨੀਗੜ੍ਹ ਦਾ ਵਿਕਾਸ ਉਹਨਾਂ ਦੀ ਪ੍ਰਾਥਮਿਕਤਾ ਹੈ ਅਤੇ ਇਸੇ ਕੜੀ ਤਹਿਤ ਇਹ ਮਹੱਤਵਪੂਰਣ ਪ੍ਰੋਜੈਕਟ ਪੂਰੇ ਕਰ ਕੇ ਜਨਤਾ ਨੂੰ ਸਮਰਪਿਤ ਕੀਤੇ ਜਾ ਰਹੇ ਹਨ।
ਨਵੀਂ ਤਕਨੀਕ ਨਾਲ ਵਿਕਸਿਤ ਪਾਰਕ ਵਿੱਚ ਬੱਚਿਆਂ ਲਈ ਖ਼ਾਸ ਖੇਡ ਖੇਤਰ, ਵਾਕਿੰਗ ਟਰੈਕ ਆਦਿ ਸ਼ਾਮਲ ਹਨ। ਵਿਧਾਇਕ ਨੇ ਕਿਹਾ ਕਿ ਇਹ ਪਾਰਕ ਸਿਰਫ਼ ਸ਼ਹਿਰ ਦੀ ਸੋਭਾ ਹੀ ਨਹੀਂ ਵਧਾਏਗਾ, ਸਗੋਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਵੀ ਕਰੇਗਾ।
ਇਸ ਦੇ ਨਾਲ ਹੀ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਨੂੰ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤਾ ਗਿਆ ਹੈ। ਲਾਇਬ੍ਰੇਰੀ ਵਿੱਚ ਮੁੱਖ ਤੌਰ ’ਤੇ ਵਿਦਿਆਰਥੀਆਂ ਤੇ ਵੱਖ ਵੱਖ ਮੁਕਾਬਲਿਆਂ ਤਿਆਰੀ ਕਰਨ ਵਾਲੇ ਨੌਜਵਾਨਾਂ ਲਈ ਵਿਸ਼ੇਸ਼ ਥਾਂ, ਡਿਜ਼ਿਟਲ ਲਰਨਿੰਗ ਕੇਂਦਰ, ਕਿਤਾਬਾਂ ਦਾ ਵਿਸ਼ਾਲ ਸੰਗ੍ਰਹਿ, ਕੰਪਿਊਟਰ ਸਹੂਲਤਾਂ ਅਤੇ ਪੜ੍ਹਾਈ ਲਈ ਸੁਚੱਜਾ ਵਾਤਾਵਰਨ ਉਪਲਬਧ ਕਰਵਾਇਆ ਗਿਆ ਹੈ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਡਾ. ਅੰਬੇਡਕਰ ਜੀ ਦੀ ਸਿੱਖਿਆ ਸਬੰਧੀ ਸੋਚ ਅਤੇ ਸਮਾਜਿਕ ਬਦਲਾਅ ਵਾਲੀ ਦ੍ਰਿਸ਼ਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਲਾਇਬ੍ਰੇਰੀ ਨੂੰ ਨਵੇਂ ਯੁੱਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਗਿਆ ਹੈ, ਜਿਹੜਾ ਨਿਸ਼ਚਤ ਤੌਰ ’ਤੇ ਭਵਾਨੀਗੜ੍ਹ ਦੇ ਨੌਜਵਾਨਾਂ ਨੂੰ ਨਵੀਆਂ ਉੱਚਾਈਆਂ ਛੂਹਣ ਲਈ ਮਜ਼ਬੂਤ ਮੰਚ ਪ੍ਰਦਾਨ ਕਰੇਗਾ।
ਉਹਨਾਂ ਨੇ ਕਿਹਾ ਕਿ ਹਲਕੇ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਈ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਭਰਾਜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਹੂਲਤਾਂ ਦੀ ਸੰਭਾਲ ਆਪਣੇ ਘਰਾਂ ਦੀ ਤਰ੍ਹਾਂ ਕਰਨ, ਤਾਂ ਜੋ ਇਹ ਭਵਿੱਖੀ ਪੀੜ੍ਹੀਆਂ ਲਈ ਵੀ ਲਾਭਦਾਇਕ ਬਣ ਸਕਣ।
ਉਦਘਾਟਨ ਸਮਾਰੋਹ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਇਲਾਕਾ ਵਾਸੀਆਂ ਨੇ ਭਰਪੂਰ ਹਾਜ਼ਰੀ ਦਰਜ ਕਰਵਾਈ। ਲੋਕਾਂ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਦੇ ਸਮੁੱਚੇ ਵਿਕਾਸ ਵਿੱਚ ਮੀਲਪੱਥਰ ਸਾਬਤ ਹੋਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ