
ਤਰਨਤਾਰਨ, 20 ਨਵੰਬਰ (ਹਿੰ. ਸ.)। ਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਜਾ ਰਹੇ ਵਿਸ਼ੇਸ਼ ਨਗਰ ਕੀਰਤਨ ਦਾ ਮਿਤੀ 21 ਨਵੰਬਰ ਨੂੰ ਜ਼ਿਲ੍ਹਾ ਤਰਨ ਤਾਰਨ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕਰਨ ਅਤੇ ਦਰਸ਼ਨਾਂ ਲਈ ਹੁੰਮ-ਹੁਮਾ ਕੇ ਪਹੁੰਚਣ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਤਰਨ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਹੈ ਜੋ ਅੰਮ੍ਰਿਤਸਰ ਜ਼ਿਲ੍ਹੇ ਰਾਹੀਂ ਹੁੰਦਾ ਹੋਇਆ ਮਿਤੀ 21 ਨਵੰਬਰ ਨੂੰ ਸਵੇਰੇ 9:30 ਵਜੇ ਦੇ ਕਰੀਬ ਪਿੰਡ ਖ਼ੈਰਦੀਨ ਰਾਹੀਂ ਜ਼ਿਲ੍ਹਾ ਤਰਨ ਤਾਰਨ ਵਿੱਚ ਦਾਖ਼ਲ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡ ਖ਼ੈਰਦੀਨ ਵਿਖੇ ਸੰਗਤਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਹੁੰਦਾ ਹੋਇਆ ਝਬਾਲ ਚੌਂਕ, ਨੂਰਦੀ, ਤਰਨ ਤਾਰਨ-ਅੰਮ੍ਰਿਤਸਰ ਬਾਈਪਾਸ ਚੌਂਕ, ਤਰਨ ਤਾਰਨ ਸ਼ਹਿਰ, ਟੀ-ਪੁਆਇੰਟ ਨੇੜੇ ਮਾਝਾ ਕਾਲਜ, ਗੋਇੰਦਵਾਲ ਬਾਈਪਾਸ ਤਰਨ ਤਾਰਨ, ਵੇਈਂ-ਪੂਈਂ ਮੋੜ, ਖ਼ਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਤੋਂ ਹੁੰਦਾ ਹੋਇਆ ਜ਼ਿਲ੍ਹਾ ਕਪੂਰਥਲਾ ਵਿੱਚ ਦਾਖ਼ਲ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ 22 ਨਵੰਬਰ ਨੂੰ ਇਸ ਨਗਰ ਕੀਰਤਨ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤੀ ਹੋਵੇਗੀ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ-ਆਪਣੇ ਇਲਾਕੇ ਵਿੱਚ ਪਾਵਨ ਨਗਰ ਕੀਰਤਨ ਦੇ ਦਰਸ਼ਨਾਂ ਨੂੰ ਪਹੁੰਚਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਪੂਰੀ ਸ਼ਰਧਾ-ਭਾਵਨਾ ਨਾਲ ਮਨਾ ਰਹੀ ਹੈ।
---------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ