
ਸਾਹਿਬਜ਼ਾਦਾ ਅਜੀਤ ਸਿੰਘ ਨਗਰ 21, ਨਵੰਬਰ (ਹਿੰ. ਸ.)। ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦੇ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ “ਧਰਮ ਅਤੇ ਸ਼ਹਾਦਤ ਦਾ ਗੌਰਵ; ਸ੍ਰੀ ਗੁਰੂ ਤੇਗ ਬਹਾਦਰ ਜੀ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਨੇ ਵਿਦਵਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਉਦਘਾਟਨੀ ਭਾਸ਼ਣ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮਸ਼੍ਰੀ ਹਰਮੋਹਿੰਦਰ ਸਿੰਘ ਬੇਦੀ, ਕੁੰਜੀਵਤ ਭਾਸ਼ਣ ਡਾ. ਸਰਬਜੀਤ ਸਿੰਘ ਰੇਣੁਕਾ, (ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਅਤੇ ਪ੍ਰਧਾਨਗੀ ਭਾਸ਼ਣ ਪ੍ਰੋਫੈਸਰ ਆਫ਼ ਇਮੈਰੀਟਸ ਡਾ. ਸਤੀਸ਼ ਵਰਮਾ ਵੱਲੋਂ ਦਿੱਤਾ। ਪਦਮ ਸ੍ਰੀ ਡਾ. ਬੇਦੀ ਨੇ ਕਿਹਾ ਕਿ ਰਾਸ਼ਟਰੀ ਆਖੰਡਤਾ ਅਤੇ ਏਕਤਾ ਲਈ ਗੁਰੂ ਸਾਹਿਬ ਦੇ ਫਲਸਫੇ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਗੁਰੂ ਸਾਹਿਬ ਦੇ ਜੀਵਨ ਸੰਦੇਸ਼ ਅੱਜ ਵੀ ਮਨੁੱਖਤਾ ਲਈ ਪ੍ਰੇਰਣਾ ਸ੍ਰੋਤ ਹਨ। ਉਹਨਾਂ ਨੇ ਗੁਰੂ ਸਾਹਿਬ ਦੇ ਸ਼ਾਂਤੀ, ਸ਼ਹਿਣਸ਼ੀਲਤਾ ਅਤੇ ਵਿਸ਼ਵ-ਵਿਆਪੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਫਲਸਫੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਦੱਸਿਆ।
ਡਾ. ਸਰਬਜੀਤ ਸਿੰਘ ਰੇਣੁਕਾ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਗੁਰੂ ਜੀ ਦੀ ਬਾਣੀ ਮੋਹ ਮਾਇਆ ਦੀ ਨੀਂਦ ਵਿਚ ਸੁੱਤੇ ਲੋਕਾਂ ਨੂੰ ਜਗਾ ਕੇ ਉਚਤਮ ਅਧਿਆਤਮਕ ਜੀਵਨ ਜਿਉਣ ਲਈ ਅਥਾਹ ਬਲ ਪ੍ਰਦਾਨ ਕਰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤਿਆਗ ਅਤੇ ਤਪਸਿਆ ਵਿਚ ਭਿੱਜੀ ਹੋਈ ਹੈ। ਡਾ. ਅਸ਼ਵਨੀ ਕੁਮਾਰ (ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ) ਨੇ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਗੁਰੂ ਜੀ ਦੀ ਸ਼ਹਾਦਤ ਬਾਰੇ ਤੱਥ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਕੁਲਦੀਪ ਸਿੰਘ, ਚੇਅਰਮੈਨ ਪੰਜਾਬੀ ਵਿਭਾਗ (ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ) ਨੇ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਅਤੇ ਸ਼ਹਾਦਤ ਬਾਰੇ ਬੋਲਦਿਆਂ ਕਿਹਾ ਕਿ ਨੌਵੇਂ ਮਹੱਲੇ ਦੇ ਸਲੋਕ ਮਨੁੱਖ ਨੂੰ ਲੋਭ ਲਾਲਚ ਵਿਚੋਂ ਕੱਢ ਕੇ ਰੂਹਾਨੀਅਤ ਦਾ ਮਾਰਗ ਦਰਸਾਉਂਦੇ ਹਨ। ਉੱਘੇ ਨਾਟਕਕਾਰ, ਚਿੰਤਕ ਅਤੇ ਲੇਖਕ ਡਾ. ਸਤੀਸ਼ ਵਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਦੀ ਮਿਸਾਲ ਵਿਸ਼ਵ ਵਿਚ ਕਿਧਰੇ ਨਹੀਂ ਮਿਲਦੀ। ਗੁਰੂ ਜੀ ਦੀ ਬਾਣੀ ਅਤੇ ਭਾਸ਼ਾ ਦਾ ਵਿਖਿਆਨ ਵਿਸਥਾਰ ਵਿਚ ਕੀਤਾ।
ਸੈਮੀਨਾਰ ਦੇ ਕਨਵੀਨਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਨਦੀਪ ਕੌਰ ਨੇ ਇਸ ਮੌਕੇ ਦੱਸਿਆ ਕਿ ਗੁਰੂ ਜੀ ਦੀ ਸ਼ਹਾਦਤ ਨੇ ਅਣਮਨੁੱਖੀ ਸਾਮਰਾਜ ਦੇ ਖਾਤਮੇ ਦਾ ਮੁੱਢ ਬੰਨ੍ਹ ਕੇ ਮੁਗਲ ਹਕੂਮਤ ਦੀ ਧਾਰਮਿਕ ਕੱਟੜਤਾ ਨੂੰ ਆਵਾਮ ਦਾ ਫਲਸਫਾ ਨਹੀਂ ਬਣਨ ਦਿੱਤਾ। ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੇ ਵਿਸ਼ਵ ਪੱਧਰ ਉੱਪਰ ਮਨੁੱਖੀ ਅਧਿਕਾਰਾਂ ਦੇ ਸਿਧਾਂਤ ਨੂੰ ਸਥਾਪਤੀ ਬਖਸ਼ੀ ਅਤੇ ਸਿੱਖ ਅਦਬ ਨੂੰ ਨਵੀਂ ਚੇਤਨਾ ਅਤੇ ਸੇਧ ਪ੍ਰਦਾਨ ਕੀਤੀ। ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਵੱਲੋਂ ਲਹੂ-ਭਿੱਜੀ ਤਵਾਰੀਖ ਤੋਂ ਨੌਜਵਾਨ ਵਰਗ ਨੂੰ ਜਾਣੂੰ ਕਰਵਾਉਣ ਦੇ ਮੰਤਵ ਨਾਲ ਇਹ ਰਾਸ਼ਟਰੀ ਸੈਮੀਨਾਰ ਉਲੀਕਿਆ ਗਿਆ। ਪ੍ਰੋ. ਨਵਦੀਪ ਸਿੰਘ ਨੇ ਵਿਦਵਾਨਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਜੀ ਦੀ ਕੁਰਬਾਨੀ ਮਹਾਨ ਹੈ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਸਾਡੇ ਲਈ ਚਾਨਣ ਮੁਨਾਰਾ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ