
ਤਰਨਤਾਰਨ, 21 ਨਵੰਬਰ (ਹਿੰ. ਸ.)। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦਾਸਪੁਰ ਤੋਂ ਸ਼ੁਰੂ ਹੋਏ ਵਿਸ਼ੇਸ਼ ਨਗਰ ਕੀਰਤਨ ਦਾ ਬੁੱਧਵਾਰ ਨੂੰ ਸਵੇਰੇ ਜ਼ਿਲ੍ਹਾ ਤਰਨ ਤਾਰਨ ਦੀ ਹੱਦ ਵਿੱਚ ਪਹੁੰਚਣ `ਤੇ ਪਿੰਡ ਖ਼ੈਰਦੀਨ ਕੇ ਵਿਖੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਸਮੂਹ ਸੰਗਤਾਂ ਨੂੰ ਜ਼ਿਲ੍ਹਾ ਤਰਨ ਤਾਰਨ `ਚ ਪਹੁੰਚਣ `ਤੇ ਜੀ ਆਇਆ ਨੂੰ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪਿੰਡ ਖੈਰਦੀਨ ਕੇ ਵਿਖੇ ਨਗਰ ਕੀਰਤਨ ਦੇ ਅਦਬ-ਸਤਿਕਾਰ ਵਿੱਚ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਇਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਰਾਹੀਂ ਹੁੰਦਾ ਹੋਇਆ ਝਬਾਲ ਚੌਂਕ, ਨੂਰਦੀ, ਤਰਨ ਤਾਰਨ-ਅੰਮ੍ਰਿਤਸਰ ਬਾਈਪਾਸ ਚੌਂਕ, ਤਰਨ ਤਾਰਨ ਸ਼ਹਿਰ, ਟੀ-ਪੁਆਇੰਟ ਨੇੜੇ ਮਾਝਾ ਕਾਲਜ, ਗੋਇੰਦਵਾਲ ਬਾਈਪਾਸ ਤਰਨ ਤਾਰਨ, ਵੇਈਂ-ਪੂਈਂ ਮੋੜ, ਖ਼ਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਵਿਖੇ ਪੁੱਜਾ। ਸੰਗਤਾਂ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਬਾਅਦ ਦੁਪਹਿਰ ਨਗਰ ਕੀਰਤਨ ਦਰਿਆ ਬਿਆਸ ਪਾਰ ਕਰਕੇ ਜ਼ਿਲ੍ਹਾ ਕਪੂਰਥਲਾ ਵਿੱਚ ਅਗਲੇ ਪੜਾਅ ਲਈ ਰਵਾਨਾਂ ਹੋ ਗਿਆ।
ਜਦੋਂ ਨਗਰ ਕੀਰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਨਗਰ ਤਰਨ ਤਾਰਨ ਸਾਹਿਬ ਵਿਖੇ ਪਹੁੰਚਿਆ ਤਾਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਜੈਕਾਰਿਆ ਦੀ ਗੂੰਜ ਵਿੱਚ ਨਗਰ ਕੀਰਤਨ ਦਾ ਸਵਾਗਤ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਖੈਰਦੀਨ ਤੋਂ ਨਗਰ ਕੀਰਤਨ ਦੇ ਨਾਲ ਪੈਦਲ ਚੱਲ ਕੇ ਸੰਗਤਾਂ ਦੀ ਸੇਵਾ ਕੀਤੀ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜਾਦੀ ਦੀ ਰੱਖਿਆ ਲਈ ਦਿੱਤਾ ਬਲਿਦਾਨ ਪੂਰੇ ਵਿਸ਼ਵ ਦੇ ਇਤਿਹਾਸ ਵਿੱਚ ਬੇਮਿਸਾਲ ਹੈ। ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਧਰਮ ਨਿਰਪੱਖਤਾ, ਏਕਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸੱਚੇ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਅਤੇ ਦਰਸ਼ਨ ਸਾਰੀ ਮਨੁੱਖਤਾ ਲਈ ਮਾਰਗ ਦਰਸ਼ਨ ਕਰਦਾ ਹੈ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ ਲੋਕਾਂ ਨੂੰ ਗੁਰੂ ਸਾਹਿਬ ਦੇ ਮਹਾਨ ਜੀਵਨ, ਸ਼ਹਾਦਤ ਅਤੇ ਮਨੁੱਖਤਾ ਦੇ ਸਦੀਵੀ ਸੰਦੇਸ਼ ਬਾਰੇ ਜਾਗਰੂਕ ਕਰਨਾ ਹੈ ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਉਹਨਾਂ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਇਹ ਵਿਸ਼ੇਸ਼ ਸੈਸ਼ਨ ਗੁਰੂ ਸਾਹਿਬ ਦੀ ਮਨੁੱਖਤਾ ਖ਼ਾਤਰ ਦਿੱਤੀ ਅਦੁੱਤੀ ਕੁਰਬਾਨੀ ਨੂੰ ਸਮੁੱਚੀ ਮਨੁੱਖਤਾ ਵੱਲੋਂ ਸਤਿਕਾਰ ਵਜੋਂ ਹੈ।
ਲਾਲਜੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਸ੍ਰੀ ਨਗਰ, ਗੁਰਦਾਸਪੁਰ, ਤਲਵੰਡੀ ਸਾਬੋ ਅਤੇ ਫ਼ਰੀਦਕੋਟ ਤੋਂ ਰਵਾਨਾ ਹੋਏ ਨਗਰ ਕੀਰਤਨ 22 ਤਾਰੀਖ ਨੂੰ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਸੰਪੂਰਨ ਹੋਣਗੇ। ਉਨ੍ਹਾਂ ਦੱਸਿਆ ਕਿ 23, 24, 25 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰੀ ਸਮਾਗਮ ਹੋ ਰਹੇ ਹਨ। 23 ਨੂੰ ਸਰਵ ਧਰਮ ਸੰਮੇਲਨ, ਸ਼ਾਮੀ ਤਿੰਨੋਂ ਦਿਨ ਕੀਰਤਨ ਦਰਬਾਰ ਹੋਵੇਗਾ। ਪੂਰੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਮਸ਼ਾਲਾਂ ਦੇ ਨਾਲ ਰੌਸ਼ਨ ਕੀਤਾ ਜਾਵੇਗਾ। ਤਿੰਨੋਂ ਦਿਨ ਡਰੋਨ ਸ਼ੋਅ ਵੀ ਹੋਣ ਜਾ ਰਿਹਾ ਹੈ। 25 ਤਾਰੀਖ ਨੂੰ ਸਰਬੱਤ ਦੀ ਭਲਾਈ ਲਈ ਇਕੱਤਰਤਾ ਹੋਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ