
ਫਾਜ਼ਿਲਕਾ 21 ਨਵੰਬਰ (ਹਿੰ. ਸ.)। ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਜੰਯਤੀ ਦੇ ਮੌਕੇ ‘ਤੇ ਸਰਦਾਰ@150 –ਏਕਤਾ ਯਾਤਰਾ” (ਜ਼ਿਲ੍ਹਾ ਪੱਧਰੀ ਪਦ ਯਾਤਰਾ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਫਾਜ਼ਿਲਕਾ ਤੋਂ ਘੰਟਾ ਘਰ ਫਾਜ਼ਿਲਕਾ ਤੱਕ ਮਿਤੀ 24 ਨਵੰਬਰ 2025 ਨੂੰ ਕੱਢੀ ਜਾਵੇਗੀ। ਇਸ ਯਾਤਰਾ ਮੇਰਾ ਯੁਵਾ ਭਾਰਤ ਫਿਰੋਜ਼ਪੁਰ/ਫਾਜ਼ਿਲਕਾ ਯੁਵਾ ਮਾਮਲੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ।
ਇਸ ਸਬੰਧੀ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ ਨੇ ਕਿਹਾ ਕਿ 24 ਨਵੰਬਰ 2025 ਦਿਨ ਸੋਮਵਾਰ ਨੂੰ ਇਹ ਜ਼ਿਲ੍ਹਾ ਪੱਧਰੀ ਪਦ ਯਾਤਰਾ ਕੱਡੀ ਜਾਵੇਗੀ ਤੇ ਇਸ ਪਦ ਯਾਤਰਾ ਦੀ ਸ਼ੁਰੂਆਤ ਸਵੇਰੇ 9:30 ਵਜੇ ਸਭਿਆਚਾਰਕ ਪ੍ਰੋਗਰਾਮ ਰਾਹੀਂ ਹੋਵੇਗੀ ਤੇ 10 ਵਜੇ ਇਹ ਯਾਤਰਾ ਕੱਢੀ ਜਾਵੇਗੀ ।
ਉਨਾਂ ਮੀਟਿੰਗ ਵਿੱਚ ਮੌਜੂਦ ਸਕੂਲਾਂ ਤੇ ਕਾਲਜਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਇਸ ਜ਼ਿਲ੍ਹਾ ਪੱਧਰੀ ਪਦ ਯਾਤਰਾ ਵਿੱਚ ਉਚੇਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਟਰੈਫਿਕ ਵਿਵਸਥਾ ਤੇ ਰੂਟ ਪਲਾਨ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਤੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਮੈਡੀਕਲ ਟੀਮਾਂ ਸਬੰਧੀ, ਨਗਰ ਕੌਂਸਲ ਨੂੰ ਸਾਫ ਸਫਾਈ ਸਬੰਧੀ ਪੁਖਤਾ ਪ੍ਰਬੰਧ ਕਰਨ ਲਈ ਕਿਹਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ