
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਨਵੰਬਰ (ਹਿੰ. ਸ.)। ਆਤਮਾ ਸਕੀਮ ਦੇ ਸਹਿਯੋਗ ਨਾਲ 21 ਨਵੰਬਰ ਨੂੰ ਪਿੰਡ ਹਮਾਯੂਪੁਰ, ਤਹਿਸੀਲ ਡੇਰਾਬੱਸੀ ਵਿੱਚ ਵਿਸ਼ਵ ਮੱਛੀ ਪਾਲਣ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਵੱਲੋਂ ਦਿੱਤੇ ਸੰਦੇਸ਼ ਬਾਰੇ ਮੱਛੀ ਪਾਲਣ ਵਾਲੇ ਕਿਸਾਨਾ ਨੂੰ ਦੱਸਿਆ ਗਿਆ, ਇਹ ਸਮਾਗਮ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਕਿਸਾਨਾਂ ਵਿੱਚ ਆਧੁਨਿਕ ਮੱਛੀ ਪਾਲਣ ਤਕਨੀਕਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲਾਭਦਾਇਕ ਯੋਜਨਾਵਾਂ/ਸਕੀਮਾਂ ਨਾਲ ਉਨ੍ਹਾਂ ਨੂੰ ਜਾਣੂੰ ਕਰਵਾਉਣਾ ਸੀ।
ਕੈਂਪ ਦੌਰਾਨ ਹਰਦੀਪ ਕੌਰ, ਸਹਾਇਕ ਡਾਇਰੈਕਟਰ, ਮੱਛੀ ਪਾਲਣ ਵਿਭਾਗ ਅਤੇ ਜਗਦੀਪ ਕੌਰ, ਮੱਛੀ ਪਾਲਣ ਅਫਸਰ ਨੇ ਮੱਛੀ ਪਾਲਣ ਵਿਭਾਗ ਦੀਆਂ ਸਕੀਮਾਂ ਤਹਿਤ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ - ਜਿਵੇਂ ਕਿ ਸਬਸਿਡੀ, ਤਕਨੀਕੀ ਜਾਣਕਾਰੀ, ਟ੍ਰੇਨਿੰਗ ਅਤੇ ਵਿੱਤੀ ਸਹਾਇਤਾ-ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਸਮਾਗਮ ਵਿੱਚ 50 ਤੋਂ ਵੱਧ ਮੱਛੀ ਪਾਲਕ ਕਿਸਾਨਾਂ ਨੇ ਭਾਗ ਲਿਆ। ਪਿੰਡ ਦੇ ਸਰਪੰਚ ਦਲਬੀਰ ਸਿੰਘ, ਪੰਚ ਬਿੰਦਰ ਸਿੰਘ ਅਤੇ ਹੋਰਾਂ ਸਾਥੀਆਂ ਵੱਲੋਂ ਵੀ ਸਮਾਗਮ ਵਿੱਚ ਹਿੱਸਾ ਲਿਆ ਗਿਆ। ਕਿਸਾਨਾਂ ਨੇ ਕੈਂਪ ਦੀ ਪ੍ਰਸ਼ੰਸਾ ਕੀਤੀ ਅਤੇ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਗਹਿਰੀ ਰੁਚੀ ਦਿਖਾਈ। ਕੈਂਪ ਦੀ ਸਮਾਪਤੀ ਇੱਕ ਇੰਟਰੈਕਟਿਵ ਸੈਸ਼ਨ ਨਾਲ ਕੀਤੀ ਗਈ, ਜਿਸ ਵਿੱਚ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਮੱਛੀ ਪਾਲਣ ਵਿਭਾਗ ਦੀ ਟੀਮ ਵੱਲੋਂ ਕੀਮਤੀ ਸਲਾਹ ਪ੍ਰਾਪਤ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ