
ਬਰਨਾਲਾ, 22 ਨਵੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਆਈ ਏ ਐੱਸ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਦਿਵਿਆਂਗਜਨ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਤੇ ਸੰਸਥਾਵਾਂ ਜਿਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤੇ ਗਏ ਹਨ, ਨੂੰ ਸਟੇਟ ਐਵਾਰਡ ਟੂ ਦਿ ਫਿਜ਼ੀਕਲੀ ਹੈਂਡੀਕੈਪਡ ਨਾਲ ਸਨਮਾਨਿਤ ਕੀਤਾ ਜਾਣਾ ਹੈ। ਇਸ ਸਬੰਧੀ ਨਿਰਧਾਰਿਤ ਪ੍ਰਫਾਰਮੇ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ (ਤਹਿਸੀਲ ਕੰਪਲੈਕਸ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਹਰ ਪੱਖੋਂ ਮੁਕੰਮਲ ਪ੍ਰਫ਼ਾਰਮੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ 25 ਨਵੰਬਰ 2025 ਤੱਕ ਦਿੱਤੇ ਜਾ ਸਕਦੇ ਹਨ। ਅਧੂਰੇ ਅਤੇ ਮਿੱਥੀ ਤਰੀਕ ਤੋਂ ਬਾਅਦ ਜਮ੍ਹਾਂ ਕਰਵਾਏ ਪ੍ਰਫ਼ਾਰਮੇ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਅਰਜ਼ੀਆਂ ’ਤੇ ਵਿਚਾਰ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਸਕੀਮ ਅਧੀਨ ਚਾਰ ਸ਼੍ਰੇਣੀਆਂ ਦੇ ਐਵਾਰਡ ਦਿੱਤੇ ਜਾਣੇ ਹਨ, ਜਿਨ੍ਹਾਂ ਵਿੱਚ ਕਰਮਚਾਰੀ ਅਤੇ ਸਵੈ ਰੋਜ਼ਗਾਰ (ਬੈਸਟ ਐਂਪਲਾਇਡ ਜਾਂ ਸੈਲਫ਼ ਐਂਪਲਾਇਡ ਵਿਦ ਡਿਸੇਬਿਲਿਟੀ), ਵਧੀਆ ਨਿਯੁਕਤੀ ਕਰਤਾ (ਐਵਾਰਡ ਫ਼ਾਰ ਬੈਸਟ ਐਂਪਲਾਇਰ), ਵਧੀਆ ਸਵੈ ਰੋਜ਼ਗਾਰ/ ਐਨਜੀਓ ਤੇ ਵਿਅਕਤੀਗਤ/ਸੰਸਥਾਵਾਂ, ਚੌਥੀ ਸ਼੍ਰੇਣੀ ਹੈਂਡੀਕੈਪਡ ਸਪੋਰਟਸ ਪਰਸਨ ਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਕੰਮਲ ਅਰਜ਼ੀਆਂ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਿਖੇ 25 ਨਵੰਬਰ 2025 ਤੱਕ ਜਮ੍ਹਾਂ ਕਰਵਾਈਆਂ ਜਾਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ