
ਮੋਗਾ, 22 ਨਵੰਬਰ (ਹਿੰ. ਸ.)। ਦਿਵਿਆਂਗਜਨਾਂ ਦੇ ਸਸ਼ਕਤੀਕਰਨ ਤਹਿਤ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ 3 ਦਸੰਬਰ ਨੂੰ ਰਾਜ ਪੱਧਰੀ ਪੁਰਸਕਾਰ ਦਿੱਤੇ ਜਾਣੇ ਹਨ ਜਿਸਦੇ ਤਹਿਤ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵੱਲੋਂ 25 ਨਵੰਬਰ, 2025 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਦਿਵਿਆਂਗਜਨਾਂ ਦੇ ਸਸ਼ਕਤੀਕਰਨ ਲਈ ਸਟੇਟ ਅਵਾਰਡ ਸਕੀਮ ਤਹਿਤ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ - ਜਿਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ ਜਾਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਗਈਆਂ ਹੋਣ, ਨੂੰ ਸਟੇਟ ਅਵਾਰਡ ਲਈ ਵਿਚਾਰਿਆ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ, ਜਿਨ੍ਹਾਂ ਵੱਲੋ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਅਤੇ ਯੋਗਦਾਨ ਪਾਏ ਗਏ ਹਨ, ਨੂੰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਨਵੀ ਦਿੱਲੀ ਵੱਲੋ ਰਾਜ ਪੱਧਰੀ ਪੁਰਸਕਾਰ ਦਿੱਤੇ ਜਾਣਗੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਬਿਨੈਕਾਰਾਂ ਪਾਸੋਂ ਅਰਜ਼ੀਆਂ ਪ੍ਰਾਪਤ ਕਰਨ ਦੀ ਮਿਤੀ 25 ਨਵੰਬਰ, 2025 ਨਿਰਧਾਰਿਤ ਕੀਤੀ ਗਈ ਹੈ। ਅਰਜੀਆਂ ਦੇਣ ਸਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮੇ ਸਥਾਨਕ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਕਮਰਾ ਨੰਬਰ 20 ਮੋਗਾ ਵਿਖੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਵਰਿੰਦਰ ਸਿੰਘ ਟਿਵਾਣਾ ਵੱਲੋ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 03 ਦਸੰਬਰ, 2025 ਨੂੰ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਦਿੱਤੇ ਜਾਣ ਵਾਲੇ ਰਾਜ ਪੱਧਰੀ ਪੁਰਸਕਾਰਾਂ ਲਈ ਵੱਧ ਚੜ੍ਹ ਕੇ ਅਪਲਾਈ ਕਰਨ ਤਾਂ ਜੋ ਭਾਰਤ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ 'ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਪੰਜਾਬ ਪੱਧਰੀ ਪੁਰਸਕਾਰ- 2025' ਲਈ ਵਿਚਾਰਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ