
ਬਰਨਾਲਾ, 22 ਨਵੰਬਰ (ਹਿੰ. ਸ.)। ਸਿਹਤ ਵਿਭਾਗ ਬਰਨਾਲਾ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ 21 ਨਵੰਬਰ ਤੋਂ 4 ਦਸੰਬਰ ਤੱਕ ਪੁਰਸ਼ ਨਸ਼ਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਨੇ ਕੀਤਾ। ਸਿਵਲ ਸਰਜਨ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਵਿਸ਼ਾ “ਸਿਹਤਮੰਦ ਅਤੇ ਖੁਸ਼ਹਾਲ ਪਰਿਵਾਰ, ਮਰਦਾਂ ਦੀ ਭਾਗੀਦਾਰੀ ਨਾਲ ਹੀ ਹੋਵੇਗਾ ਇਹ ਸੁਪਨਾ ਸਾਕਾਰ” ਤਹਿਤ ਮਰਦਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਮਰਦ ਨਸਬੰਦੀ 'ਚ ਕੋਈ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ, ਇੱਕ ਘੰਟੇ ਬਾਅਦ ਉਹ ਘਰ ਜਾ ਸਕਦਾ ਹੈ ਅਤੇ 72 ਘੰਟੇ ਬਾਅਦ ਉਹ ਆਮ ਵਾਂਗ ਛੋਟੇ ਕੰਮ ਕਰ ਸਕਦਾ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਪ੍ਰਵੇਸ ਕੁਮਾਰ ਨੇ ਦੱਸਿਆ ਕਿ 21 ਨਵੰਬਰ ਤੋਂ 27 ਨਵੰਬਰ ਤੱਕ ਸਿਹਤ ਵਿਭਾਗ ਬਰਨਾਲਾ ਵੱਲੋਂ ਪੁਰਸ਼ ਨਸ਼ਬੰਦੀ ਕਰਾਉਣ ਲਈ ਜਾਗਰੂਕ ਕੀਤਾ ਜਾਵੇਗਾ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਅਪ੍ਰੇਸ਼ਨ ਕੀਤੇ ਜਾਣਗੇ।ਪੁਰਸ਼ ਨਸ਼ਬੰਦੀ ਕਰਾਉਣ ਨਾਲ ਕਿਸੇ ਵੀ ਕਿਸਮ ਦੀ ਕਮਜ਼ੋਰੀ ਨਹੀਂ ਹੁੰਦੀ। ਇਹ ਔਰਤਾਂ ਦੀ ਨਲਬੰਦੀ ਨਾਲੋਂ ਵੀ ਬਹੁਤ ਸੌਖਾ ਤਰੀਕਾ ਹੈ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਬਾਗੀ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਨਸ਼ਬੰਦੀ ਕਰਾਉਣ ਵਾਲੇ ਨੂੰ 1100 ਰੁਪਏ ਅਤੇ ਪ੍ਰੇਰਿਤ ਕਰਨ ਵਾਲੇ ਨੂੰ 200 ਰੁਪਏ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪੁਰਸ਼ਾਂ ਨੂੰ ਕਿਸੇ ਵੀ ਵਹਿਮ ਭਰਮ ਤੋਂ ਉਪਰ ਉੱਠ ਕੇ ਪਰਿਵਾਰ ਨਿਯੋਜਨ 'ਚ ਭਾਗੀਦਾਰ ਬਣਨਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ