ਕਵਿਤਾ ’ਚ ਸੰਜੀਦਗੀ ਲਿਆਉਣ ਲਈ ਮਿਆਰੀ ਆਲੋਚਨਾ ਜ਼ਰੂਰੀ: ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ
ਮਾਨਸਾ, 22 ਨਵੰਬਰ (ਹਿੰ. ਸ.)। ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਯੂਥ ਲਾਇਬ੍ਰੇਰੀ, ਮਾਨਸਾ ਵਿਖੇ ਪੰਜਾਬੀ ਮਾਹ-2025 ਤਹਿਤ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਅੰਬਰੀਸ਼ ਨੇ ਕੀਤੀ ਅਤੇ ਸਮਾਗਮ ਦਾ ਆਗਾਜ਼ ਅਦਾਕਾਰਾ
ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਰਾਜ ਪੱਧਰੀ ਕਵੀ ਦਰਬਾਰ ਦਾ ਦ੍ਰਿਸ਼.


ਮਾਨਸਾ, 22 ਨਵੰਬਰ (ਹਿੰ. ਸ.)। ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਯੂਥ ਲਾਇਬ੍ਰੇਰੀ, ਮਾਨਸਾ ਵਿਖੇ ਪੰਜਾਬੀ ਮਾਹ-2025 ਤਹਿਤ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਅੰਬਰੀਸ਼ ਨੇ ਕੀਤੀ ਅਤੇ ਸਮਾਗਮ ਦਾ ਆਗਾਜ਼ ਅਦਾਕਾਰਾ ਮਨਜੀਤ ਔਲਖ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਪੰਜਾਬੀ ਦੇ ਨਾਮਵਰ ਕਵੀਆਂ ਨੇ ਆਪਣੀਆਂ ਨਜ਼ਮਾਂ ਰਾਹੀਂ ਕਾਵਿਕ ਮਾਹੌਲ ਸਿਰਜਿਆ।

ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਪੰਜਾਬੀ ਵਿੱਚ ਜਿੰਨੀ ਕਵਿਤਾ ਲਿਖੀ ਜਾ ਰਹੀ ਹੈ ਉਸ ਪੱਧਰ ਦੀ ਮਿਆਰੀ ਆਲੋਚਨਾ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਾਹਿਤ ਦੀ ਹਰ ਵਿਧਾ 'ਚ ਸਿਰਜਣਾ ਦੇ ਬਰਾਬਰ ਹੀ ਆਲੋਚਨਾ ਦੀ ਅਹਿਮੀਅਤ ਹੁੰਦੀ ਹੈ। ਇਸ ਕਰਕੇ ਕਵਿਤਾ ਦੇ ਮਿਆਰ ’ਚ ਹੋਰ ਵਾਧਾ ਕਰਨ ਲਈ ਸਾਡੇ ਵਿਦਵਾਨ ਆਲੋਚਨਾ ਵੱਲ ਵੀ ਧਿਆਨ ਦੇਣ।

ਆਪਣੇ ਪ੍ਰਧਾਨਗੀ ਭਾਸ਼ਣ ’ਚ ਡਾ. ਅੰਬਰੀਸ਼ ਨੇ ਕਿਹਾ ਕਵਿਤਾ ਲਈ ਵਧੀਆ ਮਜ਼ਬੂਨ ਦੇ ਨਾਲ-ਨਾਲ ਉਸ ਦੀ ਵਧੀਆ ਬਣਤਰ ਵੀ ਜ਼ਰੂਰੀ ਹੈ। ਵਧੀਆ ਕਵੀਆਂ ’ਚ ਘੱਟ ਤੋਂ ਘੱਟ ਸ਼ਬਦ ਤੇ ਵਧੀਆ ਫਲਸਫਾ ਹੋਣਾ ਲਾਜ਼ਮੀ ਹੈ। ਉਨ੍ਹਾਂ ਸਾਰੇ ਕਵੀਆਂ ਦੀ ਸ਼ਲਾਘਾ ਕਰਦਿਆਂ ਨਵੇਂ ਕਵੀਆਂ ਰਣਧੀਰ ਤੇ ਜਗਦੀਪ ਜਵਾਹਰਕੇ ਨੂੰ ਸੰਭਾਵਨਾਵਾਂ ਭਰਪੂਰ ਕਵੀ ਕਹਿ ਕੇ ਨਿਵਾਜ਼ਿਆ। ਉਨ੍ਹਾਂ ਸਮਾਗਮ ’ਚ ਸ਼ਾਮਲ ਸਰੋਤਿਆਂ ਵੱਲੋਂ ਦਿੱਤੇ ਗਏ ਹੁੰਗਾਰੇ ਦੀ ਵੀ ਸ਼ਲਾਘਾ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਤੇਜਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ।

ਕਵੀ ਦਰਬਾਰ ਦੀ ਸ਼ੁਰੂਆਤ ਵਿਰਕ ਪੁਸ਼ਪਿੰਦਰ ਨੇ ਆਪਣੀਆਂ ਦੋ ਕਵਿਤਾਵਾਂ ‘ਫੁਲਕਾਰੀ’ ਤੇ ‘ਜੇ ਤੂੰ ਉੱਘ ਸਕਦੈਂ’ ਰਾਹੀਂ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ। ਰਿਸ਼ੀ ਹਿਰਦੇਪਾਲ ਨੇ ‘ਪੈਸੇ ਦੀ ਭਾਸ਼ਾ’, ‘ਮਾਂ ਕਵਿਤਾ ਨਹੀਂ ਲਿਖਦੀ’ ਤੇ ‘ਧਰਤੀ’ ਕਵਿਤਾ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ। ਰਣਧੀਰ ਨੇ ‘ਮੈਂ ਤੈਨੂੰ ਪਿਆਰ ਕਰਦਾ ਹਾਂ’ ਤੇ ‘ਇਸ ਵਾਰ’ ਕਵਿਤਾ ਸੁਣਾਈਆਂ। ਨਰਿੰਦਰਪਾਲ ਕੌਰ ਨੇ ‘ਨੌਵਾਂ ਨਾਨਕ’, ‘ਗੋਰੀ ਕੁੜੀ’ ਤੇ ‘ਕੁੜੀ ਤੇ ਕਿਸ਼ਤੀ’ ਰਾਹੀਂ ਸਮਾਜ ਦੇ ਵੱਖ-ਵੱਖ ਸਰੋਕਾਰਾਂ ਨੂੰ ਛੂਹਿਆ। ਜਗਦੀਪ ਜਵਾਹਰਕੇ ਨੇ ਆਪਣੀਆਂ ਛੋਟੀਆਂ ਕਵਿਤਾਵਾਂ ‘ਲੇਬਰ ਚੌਂਕ’ ਤੇ ‘ਜਿਉਂਦੇ ਹੋਣਾ’ ਰਾਹੀਂ ਵੱਡੇ ਮਸਲਿਆਂ ’ਤੇ ਟਕੋਰ ਕੀਤੀ। ਜਸਵੰਤ ਜ਼ਫ਼ਰ ਨੇ ਆਪਣੀ ਕਵਿਤਾ 'ਸਿਆਹੀ ਦੀ ਕਮਾਈ’ ਤੇ ‘ਸਮਾਨਤਾ ਅਸਮਾਨਤਾ’ ਰਾਹੀਂ ਹੱਕ ਸੱਚ ਤੇ ਰਾਜਸੀ ਸਥਿਤੀ ਦਾ ਵਿਖਿਆਨ ਕੀਤਾ।

ਡਾ. ਗੁਰਇਕਬਾਲ ਨੇ ਆਪਣੀ ਪੰਜ ਨਿੱਕੀਆਂ ਕਵਿਤਾਵਾਂ ‘ਵਕਤ’, ‘ਗਾਜ਼ਾ ਦੀ ਜੰਗ’, ‘ਕਾਮਰੇਡ’, ‘ਧਰਤੀ ਦੀ ਹਿੱਕ’, ‘ਖ਼ੂਨੀ ਪੰਜ ਦਰਿਆ’ ਤੇ ‘ਮਹਿਕ ਦੀ ਫੁੱਲ’ ਰਾਹੀਂ ਬਹੁਤ ਸਾਰੇ ਗੰਭੀਰ ਮਸਲਿਆਂ ਦੀ ਤਸਵੀਰ ਪੇਸ਼ ਕੀਤੀ। ਕਮਲ ਸੇਖੋਂ ਨੇ ‘ਮਾਂ ਤੇ ਧੀਅ ਦਾ ਰਿਸ਼ਤਾ’ ਤੇ ‘ਔਰਤ’ ਦੀ ਕਵਿਤਾ ਰਾਹੀਂ ਅਜ਼ਾਦ ਭਾਰਤ ’ਚ ਸਥਿਤੀ ’ਤੇ ਵਿਅੰਗ ਕਸਿਆ। ਸੁਖਵਿੰਦਰ ਗੁਰਮ ਨੇ ਆਪਣੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ‘ਫਰਕ’, ‘ਅੱਜ-ਕੱਲ੍ਹ’, ‘ਸਾਹਿਬ’ ਤੇ ‘ਧੰਨਵਾਦ’ ਰਾਹੀਂ ਵੱਡੀਆਂ ਗੱਲਾਂ ਕੀਤੀਆਂ। ਡਾ. ਸੁਰਜੀਤ ਨੇ ‘ਜਨਮ’ ਤੇ ‘ਅਮੂ’ ਕਵਿਤਾ ਰਾਹੀਂ ਦੇਸ਼ ਦੀ ਅਜੋਕੀ ਰਾਜਨੀਤਿਕ ਸਥਿਤੀ 'ਤੇ ਵਿਅੰਗ ਕਸਿਆ। ਡਾ. ਸੁਖਦੇਵ ਸਿੰਘ ਸਿਰਸਾ ਨੇ ਆਪਣੀ ਇੱਕ ਕਵਿਤਾ ਰਾਹੀਂ ਪ੍ਰੋ. ਅਜਮੇਰ ਔਲਖ ਨੂੰ ਯਾਦ ਕੀਤਾ। ਫਿਰ ‘ਖੰਭ’, ‘ਬਰਫ਼ ਦੀ ਡਲੀ’ ਤੇ ‘ਸਰਵਣ ਪੁੱਤਰ’ ਕਵਿਤਾਵਾਂ ਰਾਹੀਂ ਅਜੋਕੇ ਰਿਸ਼ਤਿਆਂ ਦੀ ਬਾਤ ਪਾਈ। ਗੁਰਪ੍ਰੀਤ ਨੇ ‘ਦੇਖਣਾ’, ‘ਯਾਦਾਂ’ ਤੇ ‘ਮਸ਼ੀਨ’ ਕਵਿਤਾ ਰਾਹੀਂ ਮਸ਼ੀਨੀ ਬੁੱਧੀਮਾਨਤਾ ਦੀ ਗੱਲ ਕੀਤੀ। ਡਾ. ਅੰਬਰੀਸ਼ ਨੇ ਆਪਣੀਆਂ ਕਵਿਤਾਵਾਂ ‘ਝਲਕ’, ‘ਹਰਾ’, ‘ਅੱਧਾ’, ‘ਸੈਂਡਲ’ ਤੇ ‘ਅਚਾਰ’ ਰਾਹੀਂ ਸਮੁੱਚੇ ਬ੍ਰਹਿਮੰਡ ਦੀ ਬਾਤ ਪਾਈ। ਮੰਚ ਸੰਚਾਲਨ ਗੁਰਪ੍ਰੀਤ ਮਾਨਸਾ ਨੇ ਕੀਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande