
ਤਰਨਤਾਰਨ, 23 ਨਵੰਬਰ (ਹਿੰ. ਸ.)। ਮਾਨਯੋਗ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਗੁਰਮੀਤ ਸਿੰਘ ਖੁੱਡੀਆ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ 4 ਹਫਤੇ ਦਾ ਡੇਅਰੀ ਉੱਦਮ ਸਿਖਲਾਈ ਕੋਰਸ ਮਿਤੀ 01 ਦਸੰਬਰ 2025 ਤੋਂ 30 ਦਸੰਬਰ 2025 ਤੱਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ (ਨੇੜੇ ਮਾਲ ਮੰਡੀ), ਤਰਨ ਤਾਰਨ ਵਿਖੇ ਚਲਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਰਿਆਮ ਸਿੰਘ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਦੁੱਧ ਤੋਂ ਬਣਨ ਵਾਲੇ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ, ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ, ਦੁਧਾਰੂ ਪਸ਼ੂਆਂ ਦੇ ਅੰਦਰੂਨੀ ਪ੍ਰਬੰਧਨ ਅਤੇ ਸੰਤੁਲਿਤ ਪਸ਼ੂ ਖੁਰਾਕ ਸਬੰਧੀ ਆਧੁਨਿਕ ਤਕਨੀਕ ਨਾਲ ਟ੍ਰੇਨਿੰਗ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਲਈ ਜ਼ਿਲ੍ਹਾ ਤਰਨ ਤਾਰਨ ਦੇ ਚਾਹਵਾਨ ਡੇਅਰੀ ਫਾਰਮਰ ਮਿਤੀ 01 ਦਸੰਬਰ 2025 ਤੋਂ ਪਹਿਲਾ ਮੈਟ੍ਰਿਕ ਦਾ ਸਰਟੀਫਿਕੇਟ, ਅਧਾਰ ਕਾਰਡ ਸਮੇਤ ਪਾਸਪੋਰਟ ਸਾਈਜ ਫੋਟੋ (ਅਨੁਸੂਚਿਤ ਜਾਤੀ ਸਿਖਿਆਰਥੀ ਆਪਣਾ ਅਨੁਸੂਚਿਤ ਜਾਤੀ ਸਰਟੀਫਿਕੇਟ) ਨਾਲ ਲੈ ਕੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਤਰਨ ਤਾਰਨ ਵਿਖੇ ਸੰਪਰਕ ਕਰਨ। ਟ੍ਰੇਨਿੰਗ ਲਈ ਜਨਰਲ ਕੈਟਾਗਰੀ ਦੇ ਫਾਰਮਰਾਂ ਲਈ ਫੀਸ 5000/- ਰੁਪਏ ਹੈ ਅਤੇ ਅਨੁਸੂਚਿਤ ਜਾਤੀ ਦੇ ਫਾਰਮਰਾਂ ਲਈ 4000/- ਰੁਪਏ ਹੈ। ਉਨ੍ਹਾਂ ਕਿਹਾ ਕਿ ਸਿਖਆਰਥੀਆਂ ਕੋਲੋਂ ਫੀਸ ਨਕਦ ਲਈ ਜਾਵੇਗੀ।
ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਤੋਂ ਬਆਦ ਬੈਂਕਾਂ ਤੋਂ ਸਸਤੀਆਂ ਵਿਆਜ ਦਰਾਂ `ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਤੇ ਜਨਰਲ 25 ਫ਼ੀਸਦੀ ਅਤੇ ਅਨੁਸੂਚਿਤ ਜਾਤੀ 33 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਸਬੰਧੀ ਨਿਰਧਾਰਤ ਪ੍ਰੋਫਾਰਮੇ ਲਈ ਪ੍ਰਾਸਪੈਕਟ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਤਰਨ ਤਾਰਨ ਤੋਂ 100/- ਰੁਪਏ ਨਕਦ ਦੇ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ ਫੋਨ ਨੰਬਰ 99153-03267 ਅਤੇ 83609-06797 `ਤੇ ਸੰਪਰਕ ਕਰ ਸਕਦੇ ਹਨ।
-----------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ