
ਡੇਰਾਬੱਸੀ,(ਸਾਹਿਬਜ਼ਾਦਾ ਅਜੀਤ ਸਿੰਘ ਨਗਰ), 23 ਨਵੰਬਰ (ਹਿੰ. ਸ.)। ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਗਰ ਕੌਂਸਲ ਦੀ ਹੱਦ ਅੰਦਰ ਆਉਂਦੇ ਡੇਰਾਬੱਸੀ ਖੇਤਰ ਦੇ ਵਾਰਡ ਨੰਬਰ 13 ਵਾਲਮੀਕਿ ਨਗਰ ਵਿੱਚ 2 ਕਰੋੜ 42 ਲੱਖ 8 ਹਜ਼ਾਰ ਰੁਪਏ ਦੀ ਲਾਗਤ ਨਾਲ 4.70 ਕਿਲੋਮੀਟਰ ਪਾਣੀ ਦੀ ਸਪਲਾਈ ਦੇ ਪਾਈਪ ਲਾਈਨ ਵਿਛਾਉਣ ਤੇ ਨਵੇਂ ਟਿਊਬਵੈੱਲ ਨੂੰ ਲਗਾਉਣ ਦੇ ਕੰਮ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਆਸ਼ੂ ਨਰੇਸ਼ ਉਪਨੇਜਾ ਦੇ ਨਾਲ ਮਿਲਕੇ ਕਰਵਾਈ। ਇਸ ਕਦਮ ਨਾਲ ਸਥਾਨਕ ਨਿਵਾਸੀਆਂ ਨੂੰ ਸਾਫ਼ ਤੇ ਲਗਾਤਾਰ ਪਾਣੀ ਦੀ ਸਹੂਲਤ ਉਪਲਬਧ ਹੋਵੇਗੀ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ “ਇਹ ਵਿਕਾਸ ਪ੍ਰੋਜੈਕਟ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਲੋਕ-ਮੁਖੀ ਨੀਤੀਆਂ ਦਾ ਨਤੀਜਾ ਹੈ। ਸਾਡਾ ਮੁੱਖ ਮਕਸਦ ਲੋਕਾਂ ਨੂੰ ਸਾਫ਼, ਸੁਚੱਜੇ ਅਤੇ ਲਗਾਤਾਰ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ, ਤਾਂ ਜੋ ਹਰ ਨਿਵਾਸੀ ਨੂੰ ਬਿਹਤਰ ਸਹੂਲਤਾਂ ਮਿਲ ਸਕਣ। ਵਾਲਮੀਕਿ ਨਗਰ ਵਿੱਚ ਪਾਣੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸਾਡੀ ਪਹਿਲ ਵਿਚ ਸ਼ਾਮਲ ਹੈ, ਅਤੇ ਇਹ ਦੋਨੋ ਕੰਮ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨਗੇ ।”
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦਾ ਉਦੇਸ਼ ਸੁਚਾਰੂ ਬੁਨਿਆਦੀ ਸੁਵਿਧਾਵਾਂ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚਾਉਣ ’ਤੇ ਹੈ। ਲੋਕਾਂ ਦੀ ਭਲਾਈ ਅਤੇ ਪਾਰਦਰਸ਼ੀ ਕਾਰਜਪ੍ਰਣਾਲੀ ਇਸ ਸਰਕਾਰ ਦੀ ਪਹਿਚਾਣ ਹੈ। ਇਸ ਵਿਕਾਸ ਕਾਰਜ ਨਾਲ ਇਲਾਕੇ ਦੀ ਪਾਣੀ ਦੀ ਸਪਲਾਈ ਵਿੱਚ ਵੱਡਾ ਸੁਧਾਰ ਆਏਗਾ ਤੇ ਪਾਣੀ ਦੀ ਘਾਟ, ਪ੍ਰੈਸ਼ਰ ਦੀ ਕਮੀ ਅਤੇ ਗੈਰ-ਨਿਯਮਿਤ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਇਹ ਪ੍ਰੋਜੈਕਟ ਨਗਰ ਕੌਂਸਲ ਖੇਤਰ ਦੀ ਪਾਣੀ ਸਪਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਏਗਾ। ਇਸ ਸਮਾਗਮ ਵਿੱਚ ਐਮ ਸੀ ਸਾਹਿਬਾਨ, ਸੋਨੂੰ ਖਾਨ ਆਪ ਆਗੂ, ਸਥਾਨਕ ਵਾਰਡ ਵਾਸੀ ਅਤੇ ਨਗਰ ਕੌਂਸਲ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਰਹੇ ਅਤੇ ਵਿਧਾਇਕ ਵੱਲੋਂ ਕੀਤੇ ਗਏ ਇਸ ਵਿਕਾਸਮਈ ਉਪਰਾਲੇ ਦੀ ਸ਼ਲਾਘਾ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ