ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ 26 ਤੋਂ 30 ਨਵੰਬਰ ਤੱਕ
ਸੰਗਰੂਰ, 24 ਨਵੰਬਰ (ਹਿੰ. ਸ.)। ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਵੱਲੋਂ ਪੰਜਾਬ ਦੀਆਂ ਬਹਾਦਰ, ਹੁਨਰਮੰਦ ਤੇ ਸਖ਼ਤ ਮਿਹਨਤੀ ਮਹਿਲਾਵਾਂ ਲਈ ਇੱਕ ਉੱਚ ਪੱਧਰੀ ਈਵੈਂਟ, ਪੰਜਾਬ ਸਖੀ ਸ਼ਕਤੀ ਮੇਲਾ- ਮਹਿਲਾ ਉੱਧਮੀਆਂ ਦਾ ਸਸ਼ਕਤੀਕਰਨ
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਮੇਲੇ ਦੇ ਪ੍ਰਬੰਧਾਂ ਬਾਬਤ ਮੀਟਿੰਗ ਕਰਦੇ ਹੋਏ।


ਸੰਗਰੂਰ, 24 ਨਵੰਬਰ (ਹਿੰ. ਸ.)। ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਵੱਲੋਂ ਪੰਜਾਬ ਦੀਆਂ ਬਹਾਦਰ, ਹੁਨਰਮੰਦ ਤੇ ਸਖ਼ਤ ਮਿਹਨਤੀ ਮਹਿਲਾਵਾਂ ਲਈ ਇੱਕ ਉੱਚ ਪੱਧਰੀ ਈਵੈਂਟ, ਪੰਜਾਬ ਸਖੀ ਸ਼ਕਤੀ ਮੇਲਾ- ਮਹਿਲਾ ਉੱਧਮੀਆਂ ਦਾ ਸਸ਼ਕਤੀਕਰਨ ਦੇ ਰੂਪ ਵਿੱਚ 26 ਨਵੰਬਰ 2025 ਤੋਂ 30 ਨਵੰਬਰ 2025 ਤਕ, ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਜਿੱਥੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਸ਼ਿਲਪਕਾਰ ਤੇ ਸੈੱਲਫ਼ ਹੈਲਪ ਗਰੁੱਪ, ਉੱਥੇ ਕਸ਼ਮੀਰ ਤੋਂ ਵੀ ਸ਼ਿਲਪਕਾਰ ਵੀ ਆਪਣੇ ਉਤਪਾਦ ਲੈਕੇ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਕਸ਼ਮੀਰ ਦੀਆਂ ਖਾਣ ਪੀਣ ਦੀਆਂ ਵਸਤਾਂ ਸਮੇਤ, ਕਪੜੇ ਅਤੇ ਫਰਨੀਚਰ ਦੀਆਂ ਸਟਾਲਾਂ ਵੀ ਸ਼ਾਮਲ ਹੋਣਗੀਆਂ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਮੇਲੇ ਦੀਆਂ ਤਿਆਰੀਆਂ ਬਾਬਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਕ ਉੱਚ ਪੱਧਰੀ ਉਪਰਾਲਾ ਹੈ, ਜਿੱਥੇ ਘਰੋਂ ਬਣੇ ਉਤਪਾਦ, ਰਵਾਇਤੀ ਕਲਾ ਅਤੇ ਆਧੁਨਿਕ ਹੈਂਡਮੇਡ ਡਿਜ਼ਾਈਨ ਅਤੇ ਬੇਮਿਸਾਲ ਕਲਾਕਾਰੀ ਖਿੱਚ ਦਾ ਕੇਂਦਰ ਹੋਵੇਗੀ। ਇਸ ਦੌਰਾਨ ਖਾਣ ਪੀਣ ਦੀਆਂ ਵਸਤਾਂ ਸਬੰਧੀ ਵਿਸ਼ੇਸ਼ ਫੂਡ ਕੋਰਟ ਬਣੇਗਾ ਅਤੇ ਰੋਜ਼ਾਨਾ ਸ਼ਾਮ ਨੂੰ 04 ਵਜੇ ਤੋਂ 08 ਵਜੇ ਤਕ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਹੋਇਆ ਕਰੇਗੀ। ਮੇਲੇ ਦੀ ਸ਼ੁਰੂਆਤ ਰੋਜ਼ਾਨਾ ਸਵੇਰੇ 10 ਵਜੇ ਤੋਂ ਹੋਇਆ ਕਰੇਗੀ। ਇਸ ਮੇਲੇ ਲਈ ਟਿਕਟ ਰੇਟ 10 ਰੁਪਏ ਰੱਖਿਆ ਗਿਆ ਹੈ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੇਲੇ ਵਿੱਚ ਦਾਖਲਾ ਮੁਫ਼ਤ ਹੈ।

ਇਹ ਮੇਲਾ ਸਿਰਫ਼ ਖਰੀਦਾਰੀ ਤਕ ਸੀਮਤ ਨਾ ਹੋ ਕੇ ਸਗੋਂ ਮਹਿਲਾ ਸ਼ਕਤੀ, ਪੰਜਾਬੀ ਸਿਰਜਣਾਤਮਕਤਾ ਅਤੇ ਆਪਣੇ ਸਥਾਨਕ ਹੁਨਰ ਨੂੰ ਆਲਮੀ ਪੱਧਰ 'ਤੇ ਲੈ ਕੇ ਜਾਣ ਦੀ ਲਹਿਰ ਹੈ। ਇਸ ਲਈ ਸਮੂਹ ਵਿਭਾਗ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ। ਉਹਨਾਂ ਕਿਹਾ ਕਿ ਮੇਲੇ ਵਿੱਚ ਆਉਣ ਵਾਲੇ ਸ਼ਿਲਪਕਾਰਾਂ, ਕਲਾਕਾਰਾਂ ਸਮੇਤ ਸਾਰੇ ਲੋਕਾਂ ਲਈ ਲੋੜੀਂਦੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਜਾਣੇ ਯਕੀਨੀ ਬਣਾਏ ਜਾਣ। ਇਹ ਗੱਲ ਯਕੀਨੀ ਬਣਾਈ ਜਾਵੇ ਕਿ ਮੇਲੇ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ। ਇਸ ਦੇ ਨਾਲ ਉਹਨਾਂ ਨੇ ਵੱਖ-ਵੱਖ ਵਿਭਾਗਾਂ ਨੂੰ ਪੀਣ ਵਾਲੇ ਸਾਫ ਪਾਣੀ, ਪਖਾਨਿਆਂ, ਸਾਫ ਸਫਾਈ, ਮੈਡੀਕਲ ਟੀਮਾਂ ਦੀ ਤਾਇਨਾਤੀ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮੇਲੇ ਦਾ ਲਾਹਾ ਲਿਆ ਜਾਵੇ, ਜਿਸ ਨਾਲ ਜਿੱਥੇ ਸ਼ਿਲਪਕਾਰਾਂ ਨੂੰ ਵੱਡੇ ਪੱਧਰ ਉੱਤੇ ਲਾਭ ਹੋਵੇਗਾ ਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਹੋਵੇਗੀ, ਉੱਥੇ ਬੱਚਿਆਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande