
ਮੁਹਾਲੀ, 24 ਨਵੰਬਰ (ਹਿੰ. ਸ.)। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫੇਜ਼-1 ਦਫ਼ਤਰ ਵਿਖੇ ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡਾਂ ਦੇ ਕਾਂਗਰਸੀ ਵਰਕਰਾਂ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਮਹੱਤਵਪੂਰਨ ਮੀਟਿੰਗ ਕੀਤੀ। ਬਲਬੀਰ ਸਿੱਧੂ ਨੇ ਵਿਧਾਨ ਸਭਾ ਹਲਕਾ ਮੋਹਾਲੀ ਦਿਹਾਤੀ ਬਲਾਕ ਦੇ ਪਿੰਡਾਂ ਦੇ ਪੰਚ,ਸਰਪੰਚ,ਸਾਬਕਾ ਸਰਪੰਚ,ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ,ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਪਤਵੰਤੇ ਸੱਜਣਾਂ. ਕਾਂਗਰਸ ਪਾਰਟੀ ਦੇ ਸਾਰੇ ਵਰਕਰ, ਯੂਥ ਕਾਂਗਰਸ,ਮਹਿਲਾ ਕਾਂਗਰਸ,ਐਸ.ਸੀ. ਸੈਲ, ਬੀ. ਸੀ. ਸੈਲ,ਮੰਡਲ ਪ੍ਰਧਾਨ,ਚੇਅਰਮੈਨ, ਸਾਬਕਾ ਚੇਅਰਮੈਨ ਅਹੁਦੇਦਾਰ ਸਾਹਿਬਾਨਾਂ ਨਾਲ ਇੱਕ ਵਿਸ਼ਾਲ ਮੀਟਿੰਗ ਕੀਤੀ ਜਿਸ ਵਿਚ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ।
ਇਸ ਮੌਕੇ ਉਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਪੰਜਾਬ ਦਾ ਘਾਣ ਕਰਨ ਉੱਤੇ ਤੁਲੀਆਂ ਹੋਈਆਂ ਹਨ। ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨੀ ਦੇ ਖ਼ਿਲਾਫ਼ ਤਿੰਨ ਕਾਲੇ ਕਾਨੂੰਨ ਲਿਆਂਦੇ ਉਨ੍ਹਾਂ ਨੂੰ ਵਾਪਸ ਕਰਵਾਇਆ ਪਰ ਹਾਲੇ ਤੱਕ ਰੱਦ ਨਹੀਂ ਕੀਤਾ ਗਿਆ। ਹੁਣ ਚੰਡੀਗੜ੍ਹ ਯੂਨੀਵਰਸਿਟੀ ਨੂੰ ਹਥਿਆਉਣ ਉੱਤੇ ਲੱਗੀ ਹੋਈ ਹੈ। ਕੇਂਦਰ ਸਰਕਾਰ ਆਪਣੀਆਂ ਨਾਪਾਕ ਹਰਕਤਾਂ ਕਾਰਨ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰ ਰਹੀ ਹੈ।
ਸਿੱਧੂ ਨੇ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿਚ ਚੰਡੀਗੜ੍ਹ ਬਾਰੇ ਲਿਆਂਦੇ ਜਾ ਰਹੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਰੁੱਧ ਘੜੀ ਜਾ ਰਹੀ ਸਾਜ਼ਿਸ਼ ਅਸੀਂ ਬਿਲਕੁੱਲ ਕਾਮਯਾਬ ਨਹੀਂ ਹੋਣ ਦੇਵਾਂਗੇ। ਸਾਡੇ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ 'ਤੇ ਸਿਰਫ਼ ਪੰਜਾਬ ਦਾ ਹੱਕ ਹੈ। ਅਸੀਂ ਆਪਣੇ ਹੱਕ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ।
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ‘ਬੀ’ ਟੀਮ ਹੈ। ਭਗਵੰਤ ਮਾਨ, ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ। ਭਗਵੰਤ ਮਾਨ ਪੰਜਾਬ ਦੇ ਹੱਕਾਂ ਦੀ ਵਕਾਲਤ ਕਰਨ ਤੋਂ ਅਸਮਰਥ ਹੈ। ਇਨ੍ਹਾਂ ਨੇ ਮਿਲ ਕੇ ਪੰਜਾਬ ਨੂੰ ਇੰਨਾ ਕਰਜ਼ਾਈ ਕਰ ਦਿੱਤਾ ਕਿ ਅਗਲੇ 30-35 ਸਾਲਾਂ ਤੱਕ ਵੀ ਪੰਜਾਬ ਦੇ ਸਿਰ ਉੱਤੋਂ ਕਰਜਾ ਨਹੀਂ ਲਹਿ ਸਕਦਾ। ਇਨ੍ਹਾਂ ਨੇ ਚਾਰ ਸਾਲਾਂ ਵਿੱਚ ਪੰਜਾਬ ਦੇ ਸਿਰ ਚਾਰ ਲੱਖ ਕਰੋੜ ਪਹੁੰਚਾ ਦਿੱਤਾ। ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਧਰਮ ਦੇ ਨਾਮ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਲੈਣਾ ਚਾਹੁੰਦੇ ਹਨ।
ਸਿੱਧੂ ਨੇ ਭਾਜਪਾ ਵੱਲੋਂ ਵੋਟਾਂ ਦੀ ਚੋਰੀ ਕਰਨ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਭਾਜਪਾ ਨੇ ਹਰਿਆਣਾ ਵਿੱਚ 25 ਲੱਖ ਵੋਟਾਂ ਜਾਅਲੀ ਬਣਾਈਆਂ। ਇਸ ਤੋਂ ਬਾਅਦ, ਬਿਹਾਰ ਵਿੱਚ ਕੁੱਲ 7.42 ਕਰੋੜ ਵੋਟਾਂ ਹਨ ਪਰ ਚੋਣਾਂ ਦੌਰਾਨ 7.45 ਕਰੋੜ ਵੋਟਾਂ ਪੋਲ ਕੀਤੀਆਂ ਗਈਆਂ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਇਹ 3 ਲੱਖ ਵੋਟਾਂ ਕਿੱਥੋਂ ਆਈਆਂ ? ਜਿੰਨੇ ਸਾਡੇ ਸੰਵਿਧਾਨਿਕ ਅਦਾਰੇ ਨੇ ਚਾਹੇ ਉਹ ਚੋਣ ਕਮਿਸ਼ਨ, ਸੁਪਰੀਮ ਕੋਰਟ, ਸੀਬੀਆਈ, ਇਨਕਮ ਟੈਕਸ ਤੇ ਈਡੀ ਹੋਵੇ ਇਹ ਸਾਰੇ ਭਾਜਪਾ ਨੇ ਆਪਣੇ ਬੰਧੂਏ ਬਣਾ ਲਏ। ਸਿੱਧੂ ਨੇ ਕਿਹਾ ਕਿ ਇਹ ਆਟਾ, ਦਾਲ ਸਕੀਮਾਂ ਦੇ-ਦੇ ਕੇ ਸਾਨੂੰ ਵਰਗਲਾਈ ਰੱਖਣਗੇ। ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ।ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ‘ਤੇ ਲਗਾਤਾਰ ਆਰੀ ਚਲਾਈ ਹੈ। ਭਾਜਪਾ ਸਰਕਾਰ ਪੰਜਾਬ ਨੂੰ ਇਸ ਤਰ੍ਹਾਂ ਪਿਛੇ ਧੱਕ ਰਹੀ ਹੈ ਜਿਵੇਂ ਪੰਜਾਬ ਦੇ ਲੋਕਾਂ ਦਾ ਦੇਸ਼ ਦੀ ਤਰੱਕੀ ਵਿੱਚ ਕੋਈ ਹਿੱਸਾ ਹੀ ਨਾ ਹੋਵੇ। ਕਾਂਗਰਸ ਇਹ ਲੜਾਈ ਸੰਵਿਧਾਨਕ ਅਧਿਕਾਰਾਂ ਤਹਿਤ ਲੜੇਗੀ ਅਤੇ ਪੰਜਾਬ ਦੀ ਇੱਕ–ਇੱਕ ਆਵਾਜ਼ ਨੂੰ ਮਜ਼ਬੂਤ ਕਰੇਗੀ।ਸਿੱਧੂ ਨੇ ਕਿਹਾ ਕਿ ਭਾਜਪਾ ਦੇਸ਼ ਦੀ ਰਾਜਨੀਤੀ ਨੂੰ ਨਫ਼ਰਤ, ਧਰਮ ਅਤੇ ਵੰਡ ਦੇ ਅਧਾਰ ‘ਤੇ ਖੜ੍ਹਾ ਕਰ ਰਹੀ ਹੈ। ਦੇਸ਼ ਦੀ ਏਕਤਾ, ਸੰਵਿਧਾਨ ਤੇ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਅਰਜੁਨ ਖੜਗੇ ਜੀ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਚੱਲ ਕੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਤੇ ਮਹਿਲਾਵਾਂ ਨਾਲ ਕੀਤੇ ਵਾਅਦੇ ਹਾਲੇ ਤਕ ਪੂਰੇ ਨਹੀਂ ਕੀਤੇ। ਇਹਨਾਂ ਨੇ ਵਿਕਾਸ ਨਹੀਂ ਕੇਵਲ ਇਸ਼ਤਿਹਾਰਬਾਜ਼ੀ ਕੀਤੀ। ਪੰਜਾਬ ਵਿਚ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਤੇ ਨਾ ਨਸ਼ਾ ਤੇ ਨਾ ਹੀ ਗੈਂਗਸਟਰਵਾਦ। ਉਨ੍ਹਾਂ ਕਿਹਾ ਕਿ ਕੇਵਲ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਪਹਿਲਾਂ ਵੀ ਪੰਜਾਬ ਨੂੰ ਖੜਾ ਕੀਤਾ ਅਤੇ ਅੱਗੇ ਵੀ ਰਾਜ ਦੀ ਆਰਥਿਕਤਾ, ਨੌਜਵਾਨੀ, ਕਿਸਾਨੀ, ਉਦਯੋਗ ਅਤੇ ਸੁਰੱਖਿਆ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਕਾਬਲੀਅਤ ਰੱਖਦੀ ਹੈ। ਸਿੱਧੂ ਨੇ ਜਨਤਾ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਿਆਸੀ ਬਦਲਾਅ ਦੀ ਚਾਬੀ ਤੁਹਾਡੇ ਹੱਥਾਂ ਵਿੱਚ ਹੈ, ਇਸ ਨੂੰ ਪੰਜਾਬ ਦੇ ਭਲੇ ਲਈ ਵਰਤੋ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ