
ਪਟਿਆਲਾ , 24 ਨਵੰਬਰ (ਹਿੰ. ਸ.)। ਨਸ਼ਾ ਮੁਕਤ ਭਾਰਤ ਅਭਿਆਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਦੀ ਅਗਵਾਈ ਵਿੱਚ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਸਿਹਤ, ਪੁਲਿਸ, ਸਿੱਖਿਆ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਨਸ਼ਾ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ, ਮਿਲੇ ਨਤੀਜਿਆਂ ਅਤੇ ਭਵਿੱਖ ਲਈ ਬਣਾਈਆਂ ਯੋਜਨਾਵਾਂ 'ਤੇ ਵਿਸਥਾਰ ’ਚ ਵਿਚਾਰ-ਵਟਾਂਦਰਾ ਕੀਤਾ।
ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ ਨੇ ਕਿਹਾ ਕਿ ਨਸ਼ਿਆਂ ਦਾ ਮਸਲਾ ਸਿਰਫ ਕਿਸੇ ਇਕ ਘਰ ਤੱਕ ਸੀਮਤ ਨਹੀਂ, ਬਲਕਿ ਪੂਰੇ ਸਮਾਜ ਲਈ ਚੁਣੌਤੀ ਹੈ। ਉਹਨਾਂ ਕਿਹਾ ਕਿ ਸਰਕਾਰੀ ਵਿਭਾਗਾਂ, ਸਮਾਜਿਕ ਸੰਸਥਾਵਾਂ ਤੇ ਆਮ ਲੋਕਾਂ ਦੀ ਸਾਂਝੀ ਕੋਸ਼ਿਸ਼ ਨਾਲ ਹੀ ਇਸ ਬੁਰਾਈ ਨੂੰ ਜੜੋਂ ਸਮੇਤ ਖਤਮ ਕੀਤਾ ਜਾ ਸਕਦਾ ਹੈ। ਪਿੰਡ ਪੱਧਰ ‘ਤੇ ਨਸ਼ਾ ਮੁਕਤੀ ਕਮੇਟੀਆਂ ਨੂੰ ਹੋਰ ਮਜ਼ਬੂਤ ਕਰਨ, ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਉਣ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਖੇਡਾਂ ਵੱਲ ਪ੍ਰੋਤਸਾਹਿਤ ਕਰਨ ਤੇ ਖ਼ਾਸ ਜ਼ੋਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਦ੍ਰਿੜ ਨਿਸ਼ਚੇ ਨਾਲ ਕੰਮ ਕਰ ਰਹੀ ਹੈ ਅਤੇ ਇਸ ਮਿਸ਼ਨ ਵਿੱਚ ਸਾਰੇ ਵਿਭਾਗਾਂ ਦੀ ਸਰਗਰਮ ਭੂਮਿਕਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਦੇ ਖਿਲਾਫ਼ ਲੜਾਈ ਲਗਾਤਾਰ ਜਾਰੀ ਰਹੇਗੀ।
ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਕਿ ਨਸ਼ਾ ਰੋਕਥਾਮ ਲਈ ਸਰਕਾਰੀ ਹੀ ਨਹੀਂ, ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਜਾਗਰੂਕਤਾ ਕੈਂਪ ਆਯੋਜਿਤ ਕਰਵਾਏ ਜਾਣ। ਇਸ ਦੇ ਨਾਲ ਹੀ ਸਕੂਲਾਂ ਦੇ 100 ਮੀਟਰ ਇਲਾਕੇ ਨੂੰ ਤੰਬਾਕੂ-ਰਹਿਤ ਖੇਤਰ ਘੋਸ਼ਿਤ ਕਰਕੇ ਸਖ਼ਤ ਨਿਗਰਾਨੀ ਯਕੀਨੀ ਬਣਾਈ ਜਾਵੇ। ਸਕੂਲਾਂ ਵਿੱਚ ਨਸ਼ਾ ਵਿਰੋਧੀ ਲੈਕਚਰ, ਕੈਂਪ, ਪੇਂਟਿੰਗ ਮੁਕਾਬਲੇ ਤੇ ਸਲੋਗਨ ਰਾਈਟਿੰਗ ਵਰਗੀਆਂ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ।
ਸਮਾਜਿਕ ਸੁਰੱਖਿਆ ਅਫਸਰ ਨੇ ਜ਼ੋਨਲ ਲਾਈਸੈਂਸਿੰਗ ਅਥਾਰਟੀ ਅਤੇ ਡਰੱਗ ਇੰਸਪੈਕਟਰਾਂ ਨੂੰ ਕਿਹਾ ਕਿ ਉਹ ਕੈਮਿਸਟ ਦਕਾਨਾਂ ਦੀ ਨਿਯਮਿਤ ਚੈਕਿੰਗ ਕਰਦੇ ਹੋਏ ਨਸ਼ਾ ਮੁਕਤ ਭਾਰਤ ਅਭਿਆਨ ਦੀ ਪਾਲਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ, ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲਾਗੂ ਨਿਯਮਾਂ ਅਤੇ ਹਦਾਇਤਾਂ ਬਾਰੇ ਵੀ ਜਾਗਰੂਕ ਕਰਨ ਲਈ ਕਿਹਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ