
ਧੂਰੀ, 5 ਨਵੰਬਰ (ਹਿੰ. ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਵਜੋਂ ਆਪਣੀ ਪਹਿਚਾਣ ਰੱਖਣ ਵਾਲਾ ਧੂਰੀ ਹੁਣ ਆਪਣੇ ਸੁੰਦਰੀਕਰਨ ਲਈ ਵੀ ਜਾਣਿਆ ਜਾਵੇਗਾ, ਕਿਉਂਕਿ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਦੇ ਵਿਕਾਸ ਤੇ ਸੁੰਦਰੀਕਰਨ ਲਈ ਕਰੋੜਾਂ ਦੇ ਪ੍ਰੋਜੈਕਟ ਸ਼ੁਰੂ ਕਰਵਾਏ ਗਏ ਹਨ ਅਤੇ ਇਹਨਾਂ ਪ੍ਰੋਜੈਕਟਾਂ ਤਹਿਤ 1 ਕਰੋੜ 41 ਲੱਖ ਰੁਪਏ ਨਾਲ ਧੂਰੀ ਦੇ ਕ੍ਰਾਂਤੀ ਚੌਂਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਅਗਲੇ ਕੁਝ ਮਹੀਨਿਆਂ ਵਿੱਚ ਧੂਰੀ ਸ਼ਹਿਰ ਦੇਸ਼ ਦੇ ਉਹਨਾਂ ਗਿਣਵੇਂ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਵੇਗਾ, ਜਿਹਨਾਂ ਦੀ ਪਹਿਚਾਣ ਉੱਥੇ ਬਣੇ ਘੰਟਾਘਰ (ਕਲੋਕ ਟਾਵਰ) ਨਾਲ ਹੈ, ਕਿਉਂਕਿ ਸ਼ਹਿਰ ਦੇ ਪ੍ਰਮੁੱਖ ਸਥਾਨ ਮੰਨਦੇ ਜਾਂਦੇ ਕ੍ਰਾਂਤੀ ਚੌਂਕ ਵਿੱਚ ਕਲੋਕ ਟਾਵਰ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਜਲਦ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਰੰਭੇ ਪ੍ਰੋਜੈਕਟਾਂ ਤਹਿਤ ਧੂਰੀ ਸ਼ਹਿਰ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਤੇ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਕ੍ਰਾਂਤੀ ਚੌਕ ਵਿਖੇ ਕਲੋਕ ਟਾਵਰ ਦੇ ਨਾਲ ਹੈਰੀਟੇਜ ਲਾਈਟਾਂ ਵੀ ਲਗਾਈਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੂਰੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਰੋਜ਼ਾਨਾ ਰਿਪੋਰਟ ਲੈਂਦੇ ਹਨ ਤੇ ਉਹਨਾਂ ਦੇ ਆਦੇਸ਼ਾਂ ਅਨੁਸਾਰ ਹਲਕੇ ਦੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਸੁੰਦਰੀਕਰਨ ਲਈ ਵੀ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਬਹੁਤ ਜਲਦ ਧੂਰੀ ਸ਼ਹਿਰ ਆਧੁਨਿਕਤਾ ਤੇ ਵਿਰਾਸਤੀ ਸੁੰਦਰਤਾ ਦੇ ਸੁਮੇਲ ਵਜੋਂ ਆਪਣੀ ਵੱਖਰੀ ਪਹਿਚਾਣ ਪੇਸ਼ ਕਰੇਗਾ।
ਇਸ ਮੌਕੇ ਧੂਰੀ ਦੇ ਕਾਰਜਕਾਰੀ ਅਫ਼ਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਲੋਕ ਟਾਵਰ ਦੇ ਸਭ ਤੋਂ ਥੱਲੇ ਗਰੇਨਾਈਟ ਮਾਰਬਲ ਲੱਗੇਗਾ ਤੇ ਵਿਚਕਾਰ ਟਾਈਲਾਂ ਅਤੇ ਜਾਲੀ ਲਗਾਈ ਜਾਵੇਗੀ, ਉਸ ਤੋਂ ਉਪਰ ਚਾਰੇ ਪਾਸੇ ਡਿਜੀਟਲ ਘੜੀ ਲੱਗੇਗੀ ਤੇ ਸਭ ਤੋਂ ਉਪਰ ਟਾਈਲ ਵਰਕ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕ੍ਰਾਂਤੀ ਚੌਕ ਦੇ ਸੁੰਦਰੀਕਰਨ ਦਾ ਕੰਮ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ