
ਜਲੰਧਰ , 7 ਨਵੰਬਰ (ਹਿੰ.ਸ.)|
ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਗੁਣਵੱਤਾ ਭਰਪੂਰ, ਸਿਹਤਮੰਦ ਅਤੇ ਰਸਾਣਿਕ ਮੁਕਤ ਤਾਜ਼ਾ ਸਬਜ਼ੀਆਂ ਤੇ ਹੋਰ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਹਰ ਐਤਵਾਰ ਨੂੰ ਸਵੇਰੇ 10:30 ਵਜੇ ਮੁੱਖ ਖੇਤੀਬਾੜੀ ਦਫ਼ਤਰ, ਲਾਡੋਵਾਲੀ ਰੋਡ ਨੇੜੇ ਪੰਜਾਬ ਐਗਰੋ ਇੰਡੀਅਨ ਆਇਲ ਪੰਪ ਵਿਖੇ ਇਕ ਵਿਸ਼ੇਸ਼ ਆਰਗੈਨਿਕ ਕਿਸਾਨ ਮੰਡੀ ਲਗਾਈ ਜਾਂਦੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਇਹ ਆਰਗੈਨਿਕ ਕਿਸਾਨ ਮੰਡੀ ਸਿਹਤਮੰਦ ਉਤਪਾਦਾਂ ਦੀ ਖ਼ਰੀਦ ਲਈ ਵਿਸ਼ਵਾਸਯੋਗ ਮੰਚ ਸਾਬਤ ਹੋ ਰਹੀ ਹੈ, ਜਿਥੇ ਰਸਾਇਣਾਂ ਤੋਂ ਬਗੈਰ ਖੇਤੀ ਕਰ ਰਹੇ ਸਥਾਨਕ ਕਿਸਾਨਾਂ ਵੱਲੋਂ ਗੁਣਵੱਤਾ ਭਰਪੂਰ ਤੇ ਸਿਹਤਮੰਦ ਉਤਪਾਦ ਮੁਹੱਈਆ ਕਰਵਾਏ ਜਾ ਰਹੇ ਹਨ। ਇਥੇ ਆਰਗੈਨਿਕ ਤਰੀਕਿਆਂ ਨਾਲ ਖੇਤੀ ਕਰਨ ਵਾਲੇ ਪਰਮਾਣਿਤ ਕਿਸਾਨ ਤਾਜ਼ਾ ਫਲ, ਸਬਜ਼ੀਆਂ, ਅਨਾਜ, ਦਾਲਾਂ, ਹਰਬਲ ਅਤੇ ਹੋਰ ਰਸਾਇਣ-ਮੁਕਤ ਪਦਾਰਥ ਮੁਹੱਈਆ ਕਰਵਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਜ਼ਿਲ੍ਹਾ ਸੁਪਰਵਾਈਜ਼ਰ ਡਾ.ਸਤਵਿੰਦਰ ਸਿੰਘ ਪੈਲੀ ਨੇ ਦੱਸਿਆ ਕਿ ਹਰ ਐਤਵਾਰ ਲਗਾਈ ਜਾ ਰਹੀ ਆਰਗੈਨਿਕ ਮੰਡੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵਲੋਂ ਜੈਵਿਕ ਖੇਤੀ ਦੀ ਮੁਫ਼ਤ ਪ੍ਰਮਾਣਿਕਤਾ ਕੀਤੀ ਜਾਂਦੀ ਹੈ। ਉਨ੍ਹਾਂ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੈਵਿਕ ਖੇਤੀ ਦੀ ਮੁਫ਼ਤ ਪ੍ਰਮਾਣਿਕਤਾ ਦੀ ਦਿੱਤੀ ਜਾ ਰਹੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਅੱਗੇ ਦੱਸਿਆ ਕਿ ਜੈਵਿਕ ਮੰਡੀ ਵਿੱਚ ਕਿਸਾਨ ਸ਼ੇਰ ਸਿੰਘ ਚਾਹਲ, ਹਰਭਜਨ ਸਿੰਘ ਡੱਡਾ ਹੁੰਦਲ, ਤਰਸੇਮ ਸਿੰਘ ਨੀਲਾ ਨਲੋਵਾ, ਬਲਜੀਤ ਸਿੰਘ ਕੰਗ ਤੇ ਅਜਾਇਬ ਸਿੰਘ ਵਲੋਂ ਆਰਗੈਨਿਕ ਸਬਜ਼ੀਆਂ ਦੀ ਵਿਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 97845-12345 ’ਤੇ ਸੰਪਰਕ ਕਰ ਸਕਦੇ ਹਨ।
=====================================
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ