
ਫਰੀਦਕੋਟ, 9 ਨਵੰਬਰ (ਹਿੰ. ਸ.)। ਜੈਤੋਂ-ਬਠਿੰਡਾ ਮਾਰਗ 'ਤੇ ਸਥਿਤ ਪਿੰਡ ਚੰਦਭਾਨ ਨੇੜੇ ਐਤਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ 'ਚ ਦੋ ਔਰਤਾਂ ਤੇ ਇਕ 11 ਸਾਲਾ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਐਤਵਾਰ ਨੂੰ ਦੁਪਹਿਰੇ ਲਗਭਗ 2 ਵਜੇ ਹੋਇਆ। ਹਾਦਸੇ ਦਾ ਸ਼ਿਕਾਰ ਹੋਈ ਕਾਰ 'ਚ ਸਵਾਰ ਲੋਕ ਪਿੰਡ ਚੰਦਭਾਨ ਤੋਂ ਜੈਤੋਂ ਦੇ ਬਰਾੜ ਪੈਲੇਸ 'ਚ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸਨ। ਉਹ ਪਿੰਡ ਤੋਂ ਲਗਪਗ ਇਕ ਕਿਲੋਮੀਟਰ ਦੂਰ 'ਤੇ ਹੀ ਸਨ ਕਿ ਕਾਰ ਸੜਕ ਕਿਨਾਰੇ ਲੱਗੇ ਦਰੱਖਤਾਂ ਨਾਲ ਟਕਰਾਈ ਤੇ ਹਾਦਸਾਗ੍ਰਸਤ ਹੋ ਗਈ। ਹਾਦਸੇ 'ਚ ਦੋ ਔਰਤਾਂ ਤੇ ਇਕ ਬੱਚੇ ਦੀ ਮੌਤ ਹੋ ਗਈ ਜਦਕਿ 4 ਲੋਕਾਂ ਨੂੰ ਗੰਭੀਰ ਹਾਲਤ 'ਚ ਜੈਤੋਂ ਦੇ ਸਮਾਜਸੇਵੀ ਜਥੇਬੰਦੀਆਂ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ। ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਅੱਗੇ ਸਿਵਲ ਹਸਪਤਾਲ ਕੋਟਕਪੂਰਾ ਰੈਫਰ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ