
ਲੁਧਿਆਣਾ, 8 ਨਵੰਬਰ (ਹਿੰ. ਸ.)। ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਰਜਿਸਟਰਡ ਕੰਪਨੀਆਂ ਪਾਸੋਂ 10 ਨਵੰਬਰ, 2025 ਤੱਕ ਪ੍ਰਸਤਾਵ ਮੰਗੇ ਗਏ ਹਨ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦਾ ਮਨੋਵਿਗਿਆਨਿਕ ਟੈਸਟ ਕਰਵਾਇਆ ਜਾਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਲੁਧਿਆਣਾ ਡਿੰਪਲ ਮਦਾਨ ਨੇ ਦੱਸਿਆ ਕਿ ਇਸ ਟੈਸਟ ਜਰੀਏ ਮਾਹਿਰਾਂ ਵੱਲੋਂ ਵਿਦਿਆਰਥਣਾਂ ਦੀ ਸਖਸ਼ੀਅਤ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ। ਇਹ ਟੈਸਟ ਜ਼ਿਲ੍ਹਾ ਅਤੇ ਸਕੂਲ ਪੱਧਰ ਦੀਆਂ ਕਮੇਟੀਆਂ ਦੀ ਨਿਗਰਾਨੀ ਹੇਠ ਵਿਭਾਗ ਵੱਲੋਂ ਦਿੱਤੀਆਂ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਰਜਿਸਟਰਡ ਕੰਪਨੀਆਂ ਵੱਲੋਂ ਕੀਤਾ ਜਾਵੇਗਾ।ਜ਼ਿਲ੍ਹਾ ਗਾਈਡੈਂਸ ਅਫ਼ਸਰ ਗੁਰਕਿਰਪਾਲ ਸਿੰਘ ਬਰਾੜ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਕੰਪਨੀਆਂ 10 ਨਵੰਬਰ, 2025 ਤੱਕ ਆਪਣੇ ਪ੍ਰਸਤਾਵ ਵਿਭਾਗ ਦੀ ਈਮੇਲ ਆਈ.ਡੀ. deose.ludhiana@punjabeducation.gov.in 'ਤੇ ਭੇਜ ਸਕਦੀਆਂ ਹਨ। ਇਸ ਤੋਂ ਇਲਾਵਾ, ਜ਼ਿਲ੍ਹੇ ਦੇ ਪੀ.ਐਮ.ਸ੍ਰੀ ਸਕੂਲਾਂ ਵਿੱਚ ਸਕੂਲ ਕਾਉਂਸਲਰ ਵੀ ਮਾਰਚ 2026 ਤੱਕ ਰੱਖੇ ਜਾਣੇ ਹਨ। ਇਸ ਸਬੰਧੀ ਸ਼ਰਤਾਂ ਪੂਰੀਆਂ ਕਰਨ ਵਾਲੇ ਕਾਊਂਸਲਰ ਆਪਣੀ ਅਰਜ਼ੀ ਵਿਭਾਗ ਦੀ ਮੇਲ 'ਤੇ 10 ਨਵੰਬਰ, 2025 ਤੱਕ ਭੇਜ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ