
ਤਰਨਤਾਰਨ, 8 ਨਵੰਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਵਿਚ ਪੁਲਿਸ ਫੋਰਸ ਦੀ ਦੁਰਵਰਤੋਂ ਦੀ ਯੋਜਨਾ ਬਹਾਦਰ ਅਕਾਲੀ ਯੋਧਿਆਂ ਅਤੇ ਚੋਣ ਕਮਿਸ਼ਨ ਨੇ ਠੁੱਸ ਕਰ ਦਿੱਤੀ ਹੈ ਤੇ ਚੋਣ ਕਮਿਸ਼ਨ ਨੇ ਅਕਾਲੀ ਵਰਕਰਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਣ ਤੇ ਤੰਗ ਪ੍ਰੇਸ਼ਾਨ ਦਾ ਨੋਟਿਸ ਲੈਂਦਿਆਂ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਹੈ।
ਇਥੇ ਇਕ ਲਾਮਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਕਿ ਉਹਨਾਂ ਨੇ ਪੂਰਨ ਪੰਥਕ ਰਵਾਇਤਾਂ ਮੁਤਾਬਕ ਤਾਨਾਸ਼ਾਹੀ ਨੂੰ ਮਾਤ ਪਾਈ ਹੈ ਤੇ ਕਿਹਾ ਕਿ ਅੱਜ ਦੀ ਇਸ ਵਿਸ਼ਾਲ ਰੈਲੀ ਨੇ 11 ਨਵੰਬਰ ਨੂੰ ਪਾਰਟੀ ਦੀ ਜਿੱਤ ਨੂੰ ਹੋਰ ਮਜ਼ਬੂਤ ਕੀਤਾ ਹੈ। ਵੁਹਨਾਂ ਕਿਹਾ ਕਿ ਤਰਨ ਤਾਰਨ ਚੋਣ ਪੰਜਾਬ ਦੇ ਇਤਿਹਾਸ ਵਿਚ ਤਬਦੀਲੀ ਦਾ ਮੁੱਢ ਬੰਨੇਗੀ ਅਤੇ ਆਪ ਨੂੰ ਚਲਦਾ ਕਰ ਕੇ 2027 ਵਿਚ ਅਕਾਲੀ ਦਲ ਨੂੰ ਮੁੜ ਵਿਚ ਲਿਆਵੇਗੀ।
ਹਜ਼ਾਰਾਂ ਵਰਕਰਾਂ ਨੇ ਹੱਥਾਂ ਵਿਚ ਵੱਡੇ ਵੱਡੇ ਝੰਡੇ ਲੈ ਕੇ ਝਬਾਲ ਵਿਚ ਹੋਈ ਇਸ ਰੈਲੀ ਵਿਚ ਸ਼ਮੂਲੀਅਤ ਕੀਤੀ। ਦਿਲਚਸਪੀ ਵਾਲੀ ਗੱਲ ਹੈ ਕਿ ਪਾਰਟੀ ਪ੍ਰਧਾਨ ਨੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਰੈਲੀ ਵਾਲੀ ਥਾਂ ਪਹੁੰਚਣ ਨੂੰ ਤਰਜੀਹ ਦਿੱਤੀ ਕਿਉਂਕਿ ਰਾਹ ਵਿਚ ਅਕਾਲੀ ਵਰਕਰਾਂ ਦੀਆਂ ਲੰਬੀਆਂ ਕਤਾਰਾਂ ਕਾਰਨ ਕਈ ਕਿਲੋਮੀਟਰ ਲੰਬਾ ਟਰੈਫਿਕ ਜਾਮ ਲੱਗ ਗਿਆ ਸੀ।
’ਸੁਖਬੀਰ ਬਾਦਲ ਜ਼ਿੰਦਾਬਾਦ’, ’ਸੁਖਬੀਰ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਦੇ ਚਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ ਵਿਚ ਆਪ ਦੀ ਚੋਣ ਏਜੰਟ ਬਣ ਕੇ ਮਾਹੌਲ ਖਰਾਬ ਕਰਨ ਵਾਲੀ ਤਰਨ ਤਾਰਨ ਦੀ ਐਸ ਐਸ ਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਐਸ ਐਸ ਪੀ ਨੇ ਅਕਾਲੀ ਆਗੂਆਂ ਖਿਲਾਫ ਝੂਠੇ ਕੇਸ ਦਰਜ ਕੀਤੇ ਅਤੇ ਉਹਨਾਂ ਨੂੰ ਗੈਰ ਕਾਨੂੰਨੀ ਤੌਰ ’ਤੇ ਹਿਰਾਸਤ ਵਿਚ ਰੱਖਿਆ ਤੇ ਡਰਾਇਆ ਧਮਕਾਇਆ। ਚੋਣ ਆਬਜ਼ਰਵਰ ਵੱਲੋਂ ਅਕਾਲੀ ਦਲ ਵੱਲੋਂ ਸੌਂਪੀ ਸ਼ਿਕਾਇਤ ਦੇ ਮੱਦੇਨਜ਼ਰ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਚੋਣ ਕਮਿਸ਼ਨ ਅੱਗੇ ਚੁੱਕਣ ਲਈ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸ ਐਸ ਪੀ ਡਾ. ਰਵਜੋਤ ਗਰੇਵਾਲ ਦੇ ਪੱਖਪਾਤੀ ਰਵੱਈਏ ਦੀ ਰਸਮੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਸਮੇਤ ਬਣਦੀ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਹਲਕੇ ਦੇ ਸਿਵਲ ਤੇ ਪੁਲਿ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਲੀਡਰਸ਼ਿਪ ਦੇ ਗੈਰ ਸੰਵਿਧਾਨਕ ਹੁਕਮ ਨਾ ਮੰਨਣ ਅਤੇ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਨਹੀਂ ਤਾਂ ਕਾਨੂੰਨ ਮੁਤਾਬਕ ਉਹਨਾਂ ਨੂੰ ਵੀ ਜਵਾਬਦੇਹ ਠਹਿਰਾਇਆ ਜਾਵੇਗਾ।
ਬਾਦਲ ਨੇ ਕਿਹਾ ਕਿ ਤਰਲੋਮੱਛੀ ਹੁੰਦਿਆਂ ਆਪ ਨੇ ਅਜਿਹੇ ਕਦਮ ਚੁੱਕ ਕੇ ਆਪਣੀ ਹਾਰ ਪਹਿਲਾਂ ਹੀ ਕਬੂਲ ਕਰ ਲਈ ਹੈ। ਉਹਨਾਂ ਕਿਹਾ ਕਿ ਤਰਨ ਤਾਰਨ ਦੇ ਲੋਕ ਕਾਂਗਰਸ ਅਤੇ ਉਸਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਅਤੇ ਧਰਮੀ ਫੌਜੀ ਪਰਿਵਾਰ ਦੇ ਕੀਤੇ ਅਪਮਾਨ ਲਈ ਉਸਨੂੰ ਕਰਾਰਾ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਵੜਿੰਗ ਨੇ ਪਹਿਲਾਂ ਇਕ ਮਜ਼ਹਬੀ ਸਿੱਖ ਆਗੂ ਦਾ ਅਪਮਾਨ ਕੀਤਾ ਤੇ ਹੁਣ ਨਾ ਸਿਰਫ ਧਰਮੀ ਫੌਜੀ ਪਰਿਵਾਰ ਦਾ ਅਪਮਾਨ ਕੀਤਾ ਹੈ ਬਲਕਿ ਇਹ ਸਵਾਲ ਪੁੱਛਿਆ ਹੈ ਕਿ ਉਹ ਦੱਸਣ ਕਿ ਉਹਨਾਂ ਕਿਹੜੀ ਲੜਾਈ ਲੜੀ ਹੈ। ਉਹਨਾਂ ਕਿਹਾ ਕਿ ਮੈਂ ਵੜਿੰਗ ਨੂੰ ਸਪਸ਼ਟ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੇਰੀ ਮਾਂ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ ਸੀ ਤਾਂ ਇਹਨਾਂ ਧਰਮੀ ਫੌਜੀਆਂ ਨੇ ਆਪੋ ਆਪਣੀਆਂ ਯੂਨਿਟਾਂ ਤੇ ਬਟਾਲੀਅਨਾਂ ਛੱਡ ਕੇ ਗੁਰੂਘਰ ਦੀ ਰਾਖੀ ਵਾਸਤੇ ਸ੍ਰੀ ਦਰਬਾਰ ਸਾਹਿਬ ਨੂੰ ਚਾਲੇ ਪਾਏ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀ ਚੋਣ ਵਿਚ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਵੋਟ ਪਾਉਣ ਅਤੇ ਕਿਹਾ ਕਿ ਇਸ ਨਾਲ ਕਿਸਾਨ ਪੱਖੀ ਤੇ ਗਰੀਬ ਪੱਖੀ ਸਰਕਾਰ ਬਣਾਉਣ ਦਾ ਰਾਹ ਸਾਫ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਮੁੜ ਤੋਂ ਉਹ ਸਾਰੀਆਂ ਭਲਾਈ ਸਕੀਮਾਂ ਸ਼ੁਰੂ ਕਰਾਂਗੇ ਜੋ ਕਾਂਗਰਸ ਤੇ ਆਪ ਨੇ ਬੰਦ ਕਰ ਦਿੱਤੀਆਂ ਹਨ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚ ਦੋ ਪਹੀਆ ਵਾਹਨਾਂ ’ਤੇ ਰੋਡ ਟੈਕਸ ਖ਼ਤਮ ਕਰੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਨ ਜਿਹਨਾਂ ਨੇ ਪੰਥ ਦੀ ਖ਼ਾਤਰ ਆਪਣੀਆਂ ਨੌਕਰੀਆਂ ਛੱਡੀਆਂ, ਗ੍ਰਿਫਤਾਰੀਆਂ ਦਿੱਤੀਆਂ, ਕੋਰਟ ਮਾਰਸ਼ਲ ਹੋਏ ਤੇ ਜੇਲ੍ਹਾਂ ਕੱਟੀਆਂ।
ਆਪ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਗੋਲਕ ਕਮੇਟੀ ਕਹਿਣ ’ਤੇ ਕਰੜੇ ਹੱਥੀਂ ਲੈਂਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਉਹੀ ਕਮੇਟੀ ਹੈ ਜਿਸਨੇ ਹਾਲ ਹੀ ਵਿਚ ਆਏ ਹੜ੍ਹਾਂ ਵੇਲੇ ਅਕਾਲੀ ਦਲ ਨਾਲ ਰਲ ਕੇ ਪੰਜਾਬ ਦੀ ਸੇਵਾ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਇਸਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਾ ਸਿਰਫ ਹੜ੍ਹਾਂ ਦੌਰਾਨ ਰਾਹਤ ਸਮੱਗਰੀ ਪ੍ਰਦਾਨ ਕੀਤੀ ਬਲਕਿ ਪ੍ਰਭਾਵਤ ਕਿਸਾਨਾਂ ਨੂੰ ਕਣਕ ਦੇ ਸਰਟੀਫਾਈਡ ਬੀਜ ਵੀ ਵੰਡੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ