
ਬਰਨਾਲਾ, 9 ਨਵੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਨਾਇਬ ਤਹਿਸੀਲਦਾਰ ਬਰਨਾਲਾ, ਡੀ ਐਸ ਪੀ ਬਰਨਾਲਾ ਅਤੇ ਐਸ.ਐਚ.ਓ. ਸਦਾਰ ਨੂੰ ਡਿਊਟੀ ਵਿਚ ਕੋਤਾਹੀ ਵਰਤਣ ਕਾਰਨ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਅਧਿਕਾਰੀਆਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੱਖ ਵੱਖ ਖੇਤਰਾਂ 'ਚ ਤਾਇਨਾਤ ਕੀਤਾ ਗਿਆ ਸੀ। ਪਿੰਡਾਂ 'ਚ ਕੀਤੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਾਇਆ ਕਿ ਇਨ੍ਹਾਂ ਅਧਿਕਾਰੀਆਂ ਦੇ ਖੇਤਰ 'ਚ ਅੱਗਾਂ ਲੱਗੀਆਂ ਹੋਈਆਂ ਸਨ ਜਿਸ ਦੇ ਚਲਦੇ ਇਨ੍ਹਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਖੇਤਾਂ 'ਚ ਅੱਗ ਨਾ ਲੱਗਣ ਦੇਣ ਦੇ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ । ਇਨ੍ਹਾਂ ਉਪਰਾਲਿਆਂ ਨੂੰ ਅਮਲੀ ਜਾਮਾ ਪਾਉਣ ਲਈ ਜ਼ਿਲ੍ਹਾ ਪੱਧਰ ਉੱਤੇ ਇੰਸਪੈਕਸ਼ਨ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵੱਲੋਂ ਪਿੰਡਾਂ 'ਚ ਨਿਰੰਤਰ ਨਿਗਰਾਨੀ, ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਪ੍ਰਬੰਧਨ ਲਈ ਖੇਤਾਂ ਸੰਦਾਂ ਦੀ ਵਰਤੋਂ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਵੱਖ-ਵੱਖ ਪ੍ਰਸ਼ਾਸਕੀ ਅਧਿਕਾਰੀ ਅਤੇ ਕਰਮਚਾਰੀ 24 ਘੰਟੇ ਖੇਤਾਂ ਉੱਤੇ ਨਿਗਰਾਨੀ ਰੱਖ ਰਹੇ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਪਰਾਲੀ ਸਾੜਨ ਦੇ 37 ਮਾਮਲਿਆਂ 'ਚ ਐੱਫ.ਆਈ.ਆਰ. ਦਰਜ਼ ਹੋ ਚੁੱਕੀ ਹੈ ਅਤੇ 37 ਕਿਸਾਨਾਂ ਦੇ ਮਾਲ ਸਬੰਧੀ ਰਿਕਾਰਡ (ਖਸਰਾ ਗਿਰਦਾਵਰੀ ਵਿੱਚ) ਲਾਲ ਐਂਟਰੀ ਦਰਜ਼ ਕੀਤੀ ਗਈ ਹੈ। ਇਨ੍ਹਾਂ ਘਟਨਾਵਾਂ 'ਚ ਹੁਣ ਤੱਕ ਕੁੱਲ 1.95 ਲੱਖ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਡਿਊਟੀ ਵਿਚ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਇਮਾਨਦਾਰੀ ਨਾਲ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਖੇਤਾਂ 'ਚ ਅੱਗ ਨਾ ਲਗਾਈ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਕਿਹਾ ਕਿ ਪਰਾਲੀ ਦਾ ਪ੍ਰਬੰਧਨ ਖੇਤਾਂ ਵਿੱਚ ਹੀ ਸਰਕਾਰ ਵੱਲੋਂ ਸਬਸਿਡੀ ਉੱਤੇ ਦਿੱਤੀ ਗਈ ਮਸ਼ੀਨਾਂ ਰਾਹੀਂ ਕੀਤਾ ਜਾਵੇ। ਵੱਖ ਵੱਖ ਪਿੰਡਾਂ ਦੀ ਇੰਸਪੈਕਸ਼ਨ ਦੌਰਾਨ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਵੱਖ ਵੱਖ ਥਾਵਾਂ ਉੱਤੇ ਲੱਗੀਆਂ ਅੱਗਾਂ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਮਦਦ ਕੀਤੀ। ਉਨ੍ਹਾਂ ਪਿੰਡ ਕਾਲੇਕੇ, ਕੋਟਦੁੱਨਾ ਆਦਿ ਦਾ ਦੀ ਦੌਰਾ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ