
ਪਟਿਆਲਾ, 9 ਨਵੰਬਰ (ਹਿੰ. ਸ.)। ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੜਕਾਂ ਕਿਨਾਰੇ ਸੁੱਟੇ ਗਏ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਨ ਲਈ ਆਪਣੀ 19ਵੀਂ ਮੁਹਿੰਮ ਚਲਾ ਕੇ ਇੱਥੇ ਨਾਭਾ ਰੋਡ ਵਿਖੇ 500 ਕਿਲੋਗ੍ਰਾਮ ਪਲਾਸਟਿਕ ਵੇਸਟ ਸਾਫ਼ ਕਰਨ ਵਾਲੇ ਪਟਿਆਵਲੀਆਂ ਦੀ ਟੀਮ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਦੀ ਸ਼ਲਾਘਾ ਕੀਤੀ ਹੈ।ਡਿਪਟੀ ਕਮਿਸ਼ਨਰ ਨੇ ਇਸ ਕਮਿਉਨਿਟੀ ਮੁਹਿੰਮਨੂੰ ਮਾਨਤਾ ਦਿੰਦਿਆਂ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਟੀਮ ਨੂੰ ਥਾਪਰ ਯੂਨੀਵਰਸਿਟੀ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਸੜਕ ਨੂੰ ਸਾਫ਼-ਸੁਥਰੀ ਤੇ ਖ਼ੂਬਸੂਰਤ ਮਾਡਲ ਸੜਕ ਬਣਾਉਣ ਦਾ ਪ੍ਰਾਜੈਕਟ ਵੀ ਸੌਂਪਿਆ ਹੈ।
ਡਾ. ਪ੍ਰੀਤੀ ਯਾਦਵ ਨੇ ਇਸ ਟੀਮ ਦੀ ਪਿੱਠ ਥਾਪੜਦਿਆਂ ਨੇ ਨਾਭਾ ਰੋਡ ਵਿਖੇ ਸਫ਼ਾਈ ਮੁਹਿੰਮ ਚਲਾ ਰਹੇ ਇਨ੍ਹਾਂ ਸਾਰੇ ਟੀਮ ਮੈਂਬਰਾਂ ਨਾਲ ਖ਼ੁਦ ਪਹੁੰਚ ਕੇ ਮੁਲਾਕਾਤ ਕੀਤੀ ਅਤੇ ਕਿਹਾ ਕਿ ਨਗਰ ਨਿਗਮ ਵੱਲੋਂ ਖੁੱਲ੍ਹੇ ਵਿੱਚ ਕੂੜਾ ਕਰਕਟ ਸੁੱਟਣ ਵਾਲਿਆਂ ਦੇ ਜਿੱਥੇ ਚਲਾਨ ਕਰਨ ਅਤੇ ਜੁਰਮਾਨੇ ਲਗਾਉਣ ਦੀ ਤਜਵੀਜ ਹੈ, ਉਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਪਟਿਆਲਾ ਸ਼ਹਿਰ ਵਿੱਚ 21 ਨਵੰਬਰ ਨੂੰ ਪਹੁੰਚ ਰਹੇ ਨਗਰ ਕੀਰਤਨ ਤੋਂ ਪਹਿਲਾਂ-ਪਹਿਲਾਂ ਇੱਕ ਵਿਆਪਕ ਸਫਾਈ ਮੁਹਿੰਮ ਵੀ ਵਿੱਢੀ ਜਾਵੇਗੀ।
ਇਸੇ ਦੌਰਾਨ ਇਨ੍ਹਾਂ ਸਮੂਹ ਸਫ਼ਾਈ ਕਾਰ ਸੇਵਕਾਂ ਨੇ ਹੋਰ ਸ਼ਹਿਰ ਵਾਸੀਆਂ ਨੂੰ ਵੀ ”ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਮੁਹਿੰਮ ਨਾਲ ਜੁੜਕੇ ਪਟਿਆਲਾ ਨੂੰ ਸਾਫ਼-ਸੁੱਥਰਾ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਇਹ ਸੁਚੇਤ ਪਟਿਆਲਵੀ ਪਿਛਲੇ 2 ਮਹੀਨਿਆਂ ਦੌਰਾਨ 19 ਸਫ਼ਾਈ ਮੁਹਿੰਮਾਂ ਚਲਾਕੇ ਸ਼ਹਿਰ ਦੀਆਂ ਸੜਕਾਂ ਕਿਨਾਰੇ ਲੋਕਾਂ ਵੱਲੋਂ ਜਾਣੇ-ਅਣਜਾਣੇ ‘ਚ ਖਿਲਾਰੇ ਪਲਾਟਿਕ ਤੇ ਹੋਰ ਕਚਰੇ ਨੂੰ ਇਕੱਠਾ ਕਰਕੇ ਪਟਿਆਲਾ ਨੂੰ ਕੂੜਾ ਮੁਕਤ ਕਰਨ ਦੇ ਉਪਰਾਲੇ ਨੂੰ ਹੋਰ ਲੋਕਾਂ ਤੱਕ ਪਹੁੰਚਾ ਰਹੇ ਹਨ।
ਇਸ ਮੁਹਿੰਮ ਦਾ ਬੀੜਾ ਉਠਾਉਣ ਵਾਲੇ ਸ਼ਹਿਰ ਦੇ ਸੁਚੇਤ ਨਾਗਰਿਕਾਂ ਵਿਚ ਐਚ.ਪੀ.ਐਸ ਲਾਂਬਾ, ਕਰਨਲ ਕਰਮਿੰਦਰ ਸਿੰਘ, ਕਰਨਲ ਜੇ. ਵੀ, ਕਰਨਲ ਅਮਨ ਸੰਧੂ, ਐਡਵੋਕੇਟ ਸਰਬਜੀਤ ਸਿੰਘ ਵੜੈਚ, ਰਾਕੇਸ਼ ਕੱਦ, ਰਾਜੀਵ ਚੋਪੜਾ, ਨਾਗੇਸ਼, ਕਰਨਲ ਸਲਵਾਨ, ਏਪੀਆਰਓਜ ਹਰਦੀਪ ਸਿੰਘ ਗਹੀਰ ਤੇ ਦੀਪਕ ਕਪੂਰ, ਨਵਰੀਤ ਸੰਧੂ, ਗਰਿਮਾ, ਵਰੁਣ ਮਲਹੋਤਰਾ, ਗੁਰਮੀਤ ਸਿੰਘ ਸਡਾਣਾ, ਏ ਕੇ ਜਖਮੀ, ਅਜੇਪਾਲ ਗਿੱਲ, ਕਰਨਲ ਭੂਪੀ ਗਰੇਵਾਲ, ਕਰਨਲ ਜਸਵਿੰਦਰ ਦੁਲਟ, ਗੁਰਪ੍ਰੀਤ ਦੁਲਟ, ਸਾਕਸ਼ੀ ਗੋਇਲ, ਪ੍ਰਵੇਸ਼ ਮੰਗਲਾ, ਸੀਐਮ ਕੌੜਾ, ਜਸਵੀਰ ਭੰਗੂ, ਵਰੁਣ ਕੌਸ਼ਲ, ਰਿਸ਼ਭ, ਪ੍ਰੋ. ਅਸ਼ੋਕ ਵਰਮਾ ਤੇ ਰਾਜ ਕੁਮਾਰ ਗੋਇਲ, ਸਵਾਮੀ ਯੋਗੇਸ਼, ਹਰਜੋਤ, ਖੁਸ਼ਦੀਪ, ਪ੍ਰੀਤਇੰਦਰ ਸਿੱਧੂ, ਜਸਵੀਰ ਸਿੰਘ, ਪ੍ਰੋ: ਰਾਜੀਵ ਕਾਂਸਲ, ਉਪਿੰਦਰ ਸ਼ਰਮਾ, ਕੇ.ਐਸ. ਸੇਖੋਂ, ਸਿਮਰਨ ਹਰੀਕਾ, ਅਜੀਪਾਲ ਸਿੰਘ ਗਿੱਲ, ਬਲਜੀਤ ਕੌਰ, ਐਸ.ਸੀ. ਮੱਕੜ, ਗੁਰਭਜਨ ਸਿੰਘ ਗਿੱਲ, ਡਾ. ਅਵਨੀਤ ਰੰਧਾਵਾ, ਆਸ਼ੂ ਕਥੂਰੀਆ, ਨਵਰੀਤ ਸੰਧੂ, ਕੁਲਦੀਪ ਮਿੱਤਲ ਆਦਿ ਨੇ ਕਿਹਾ ਕਿ ਉਹ ਆਪਣੀ ਇਹ ਨਿਰਸਵਾਰਥ ਸੇਵਾ ਹਰ ਹਫ਼ਤੇ ਇਸੇ ਤਰ੍ਹਾਂ ਜਾਰੀ ਰੱਖਣਗੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਜਗ੍ਹਾ ਪਲਾਸਟਿਕ ਦੇ ਲਿਫਾਫੇ, ਕਚਰਾ ਤੇ ਰੈਪਰ ਆਦਿ ਥਾਂ-ਥਾਂ ਨਾ ਸੁੱਟਣ ਕਿਉਂਕਿ ਪੋਲੀਥੀਨ ਦੇ ਲਿਫ਼ਾਫ਼ਿਆਂ ਦਾ ਕੂੜਾ ਸਾਡੇ ਵਾਤਾਵਰਣ ਨੂੰ ਖਰਾਬ ਕਰਨ ਸਮੇਤ ਸਾਡੇ ਸ਼ਹਿਰ ਨੂੰ ਵੀ ਬਦਸੂਰਤ ਬਣਾ ਰਿਹਾ ਹੈ।ਇਨ੍ਹਾਂ ਸਮਾਜ ਸੇਵੀਆਂ ਨੇ ਵੀ ਸੱਦਾ ਦਿੱਤਾ ਹੈ ਕਿ ਉਹ ਵੀ ਇਸ ਮੁਹਿੰਮ ਨਾਲ ਜੁੜਕੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਅੱਗੇ ਆਉਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ