
ਬਰਨਾਲਾ, 9 ਨਵੰਬਰ (ਹਿੰ. ਸ.)। ਪਰਾਲੀ ਪ੍ਰਬੰੰਧਨ 2025 ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿੱਚ ਕਿਸਾਨਾਂ ਵੱਲੋਂ ਵਾਤਾਵਰਣ ਬਚਾਅ ਲਈ ਸ਼ਲਾਘਾਯੋਗ ਯਤਨ ਕੀਤੇ ਗਏ ਹਨ। ਪਿੰਡ ਦੇ ਪੰਜ ਕਿਸਾਨਾਂ — ਸਤਨਾਮ ਸਿੰਘ ਭੁੱਲਰ, ਗਗਨਦੀਪ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਬੇਅੰਤ ਸਿੰਘ — ਨੇ ਆਪਣੇ ਆਪਣੇ ਖੇਤਾਂ ਵਿੱਚ ਬੇਲਰ ਮਸ਼ੀਨ ਦੀ ਮਦਦ ਨਾਲ ਪਰਾਲੀ ਦੇ ਡੰਪ ਤਿਆਰ ਕੀਤੇ ਹਨ। ਇਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸਦਾ ਸਹੀ ਪ੍ਰਬੰਧਨ ਕਰਕੇ ਨਾ ਸਿਰਫ਼ ਵਾਤਾਵਰਣ ਪ੍ਰਦੂਸ਼ਣ ਤੋਂ ਬਚਾਅ ਕੀਤਾ ਹੈ, ਸਗੋਂ ਹੋਰ ਕਿਸਾਨਾਂ ਲਈ ਚਾਨਣ ਮੁਨਾਰਾ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਦੱਸਿਆ ਕਿ ਪਿੰਡ ਗਹਿਲ ਦੇ ਇਹ ਕਿਸਾਨ ਪਰਾਲੀ ਪ੍ਰਬੰਧਨ ਲਈ ਬਚਨਬੱਧ ਹਨ ਅਤੇ ਇਨ੍ਹਾਂ ਵੱਲੋਂ ਚੰਗਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂਂ ਤੋਂ ਪ੍ਰੇਰਣਾ ਲੈ ਕੇ ਪਰਾਲੀ ਸਾੜਨ ਦੀ ਥਾਂ ਇਸਦਾ ਪ੍ਰਬੰਧਨ ਖੇਤਾਂ ਵਿੱਚ ਹੀ ਕਰਨ। ਡਿਪਟੀ ਕਮਿਸ਼ਨਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਉਪਰਾਲਿਆਂ ਤਹਿਤ ਜ਼ਿਲ੍ਹੇ ਵਿੱਚ ਜਿੱਥੇ ਜ਼ਿਲ੍ਹੇ ਅਤੇ ਜ਼ਿਲ੍ਹੇ ਤੋਂ ਬਾਹਰ ਦੇ ਬੇਲਰ ਪਰਾਲੀ ਦੀਆਂ ਗੱਠਾ ਬਣਾ ਰਹੇ ਹਨ। ਇਨ੍ਹਾਂ ਬੇਲਰਾਂ ਰਾਹੀਂ ਪਰਾਲੀ ਦੀਆਂ ਗੱਠਾਂ ਬਣਾ ਕੇ ਵੱਖ ਵੱਖ ਥਾਵਾਂ 'ਤੇ ਉਸ ਦਾ ਭੰਡਾਰਣ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 14 ਥਾਵਾਂ 'ਤੇ ਬਣੇ ਡੰਪਾਂ ਵਿਖੇ ਇਕੱਤਰ ਕੀਤੀਆਂ ਗਈਆਂ ਗੱਠਾਂ ਨੂੰ ਲੋੜ ਅਨੁਸਾਰ ਵੇਚ ਦਿੱਤਾ ਜਾਵੇਗਾ।ਇਸ ਲੜੀ ਤਹਿਤ ਹੀ ਪਿੰਡ ਗਹਿਲ ਦੇ 5 ਅਗਾਂਹਵਧੂ ਕਿਸਾਨਾਂ ਨੇ ਰੱਲ ਕੇ ਹੰਬਲਾ ਮਾਰਿਆ ਹੈ। ਇਨ੍ਹਾਂ ਸਾਰਿਆਂ ਨੇ ਰੱਲ ਕੇ ਪਰਾਲੀ ਗੱਠਾਂ ਦਾ ਭੰਡਾਰਣ ਪਿੰਡ ਵਿੱਚ ਹੀ ਸ਼ੁਰੂ ਕੀਤਾ ਹੈ। ਕਿਸਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਪਰਾਲੀ ਪ੍ਰਬੰਧਨ 'ਤੇ ਕੰਮ ਕਰ ਰਿਹਾ ਹੈ । ਡਿਪਟੀ ਕਮਿਸ਼ਨਰ ਬਰਨਾਲਾ ਨਾਲ ਹੋਈ ਮੀਟਿੰਗ ਤੋਂ ਬਾਅਦ ਗਗਨਦੀਪ ਅਤੇ ਹੋਰਨਾਂ ਕਿਸਾਨਾਂ ਨੇ ਆਪਣੇ ਪਿੰਡ ਵਿੱਚ ਕੰਮ ਕਰਨ ਦਾ ਮਨ ਬਣਾਇਆ ਅਤੇ ਆਪਣੇ ਖੇਤ ਵਿੱਚ ਹੀ ਪਰਾਲੀ ਸਟੋਰ ਕਰਨੀ ਸ਼ੁਰੂ ਕਰ ਦਿੱਤੀ।ਕਿਸਾਨ ਸੁਖਵਿੰਦਰ ਸਿੰਘ ਦੱਸਿਆ ਕਿ ਉਸ ਨੇ ਬੇਲਰ ਚਲਾ ਕੇ ਕੁਝ ਪਰਾਲੀ ਪਿੰਡ ਢੈਪਈ, ਮਾਣੂਕੇ, ਪੰਜਗਰਾਂਈ ਦਿੱਤੀ ਅਤੇ ਬਾਕੀ ਪਰਾਲੀ ਇੱਕਠੀ ਕਰਕੇ ਆਪਣੇ ਖੇਤਾਂ ਵਿੱਚ ਸਟੋਰ ਕਰ ਲਈ। ਕਿਸਾਨ ਸਤਨਾਮ ਸਿੰਘ, ਪਰਮਿੰਦਰ ਸਿੰਘ ਅਤੇ ਬੇਅੰਤ ਸਿੰਘ ਨੇ ਵੀ ਪਰਾਲੀ ਆਪਣੇ ਖੇਤਾਂ ਵਿੱਚ ਸਟੋਰ ਕੀਤੀ ਹੈ। ਇਸ ਨਾਲ ਨਾ ਉਨ੍ਹਾਂ ਆਪਣੇ ਖੇਤਾਂ ਦੀ ਪਰਾਲੀ ਦੀ ਸੰਭਾਲ ਕੀਤੀ ਬਲਕਿ ਹੋਰਨਾਂ ਕਿਸਾਨਾਂ ਦੀ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਅ ਰਹੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ