
ਤਰਨਤਾਰਨ, 9 ਨਵੰਬਰ (ਹਿੰ. ਸ.)। ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਲਈ ਨਿਯੁਕਤ ਕੀਤੇ ਗਏ ਚੋਣ ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ, ਆਈ.ਆਰ.ਏ.ਐੱਸ. ਦੀ ਹਾਜ਼ਰੀ ਵਿੱਚ ਐੱਸ.ਡੀ.ਐੱਮ. ਦਫ਼ਤਰ ਤਰਨ ਤਾਰਨ ਵਿਖੇ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਤੀਸਰੀ ਵਾਰ ਮਿਲਾਣ ਕੀਤਾ ਗਿਆ। ਇਸ ਮੌਕੇ ਖ਼ਰਚਾ ਸੈੱਲ ਦੇ ਨੋਡਲ ਅਫ਼ਸਰ ਅਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਖ਼ਰਚਾ ਅਬਜ਼ਰਵਰ ਵੱਲੋਂ ਚੋਣ ਲੜ ਰਹੇ ਹਰੇਕ ਉਮੀਦਵਾਰਾਂ ਦੇ ਚੋਣ ਖ਼ਰਚਾ ਰਜਿਸਟਰਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਚੋਣਾਂ ਉੱਪਰ ਕੀਤੇ ਗਏ ਖ਼ਰਚੇ ਦੀਆਂ ਐਂਟਰੀਆਂ ਨੂੰ ਚੈੱਕ ਕੀਤਾ ਗਿਆ। ਖ਼ਰਚਾ ਅਬਜ਼ਰਵਰ ਨੇ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਲਈ 40 ਲੱਖ ਰੁਪਏ ਤੱਕ ਚੋਣ ਖ਼ਰਚੇ ਦੀ ਹੱਦ ਮਿਥੀ ਗਈ ਹੈ ਅਤੇ ਇਸ ਤੋਂ ਵੱਧ ਚੋਣ ਖ਼ਰਚਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ ਰੋਜ਼ਾਨਾ ਆਪਣੇ ਚੋਣ ਖ਼ਰਚ ਨੂੰ ਰਜਿਸਟਰ ਵਿੱਚ ਦਰਜ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਚੋਣ ਦਫ਼ਤਰ ਵੱਲੋਂ ਵੀ ਸ਼ੈਡੋ ਰਜਿਸਟਰ ਲਗਾ ਕੇ ਹਰੇਕ ਉਮੀਦਵਾਰ ਦੇ ਚੋਣ ਖ਼ਰਚੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ। ਚੋਣ ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ ਨੇ ਕਿਹਾ ਕਿ ਉਮੀਦਵਾਰ ਚੋਣਾਂ ਨਾਲ ਸਬੰਧਿਤ ਪੈਸੇ ਦਾ ਕੋਈ ਵੀ ਲੈਣ-ਦੇਣ ਚੋਣਾਂ ਸਬੰਧੀ ਖੋਲ੍ਹੇ ਗਏ ਬੈਂਕ ਖਾਤੇ ਵਿਚੋਂ ਹੀ ਕਰਨ। ਉਨ੍ਹਾਂ ਕਿਹਾ ਕਿ 10 ਹਜ਼ਾਰ ਰੁਪਏ ਤੋਂ ਵੱਧ ਦੀ ਕੋਈ ਅਦਾਇਗੀ ਚੈੱਕ ਜਾਂ ਡਰਾਫ਼ਟ ਰਾਹੀਂ ਹੀ ਕੀਤੀ ਜਾਵੇ।
ਚੋਣ ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ, ਆਈ.ਆਰ.ਏ.ਐੱਸ. ਨੇ ਕਿਹਾ ਕਿ ਐੱਸ.ਡੀ.ਐੱਮ. ਦਫ਼ਤਰ ਤਰਨ ਤਾਰਨ ਵਿਖੇ ਉਮੀਦਵਾਰਾਂ ਦੇ ਚੋਣ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਤੀਸਰੀ ਵਾਰ ਮਿਲਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜਾ ਆਉਣ ਦੇ 30 ਦਿਨਾਂ ਦੇ ਅੰਦਰ ਸਾਰੇ ਉਮੀਦਵਾਰ ਵੱਲੋਂ ਆਪਣਾ ਚੋਣ ਖ਼ਰਚਾ ਰਜਿਸਟਰ ਜ਼ਿਲ੍ਹਾ ਚੋਣ ਦਫ਼ਤਰ ਵਿੱਚ ਜਮਾਂ ਕਰਵਾਉਣਾ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ ਵਾਲੇ ਉਮੀਦਵਾਰ ਉੱਪਰ ਚੋਣ ਕਮਿਸ਼ਨ ਭਵਿੱਖ ਵਿੱਚ ਚੋਣ ਲੜਨ `ਤੇ ਰੋਕ ਲਗਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ