
ਪਟਿਆਲਾ, 10 ਦਸੰਬਰ (ਹਿੰ. ਸ.)। ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ-2025 ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਉਣ ਲਈ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਪੰਜਾਬ ਤੇ ਹਰਿਆਣਾ ਦੇ ਗਵਾਂਢੀ ਜ਼ਿਲ੍ਹਿਆਂ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅੰਤਰ ਰਾਜੀ ਤਾਲਮੇਲ ਬੈਠਕ ਕਰਕੇ ਰਣਨੀਤੀ ਬਣਾਈ।
ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਇਸ ਬੈਠਕ ਵਿੱਚ ਡਿਪਟੀ ਕਮਿਸ਼ਨਰ ਅੰਬਾਲਾ, ਕੈਥਲ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ, ਐਸ.ਡੀ.ਐਮ. ਸ਼ਾਹਬਾਦ, ਡੀ.ਐਸ.ਪੀ. ਗੂਹਲਾ, ਪਟਿਆਲਾ ਦੇ ਏ.ਡੀ.ਸੀ. ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ, ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਅਤੇ ਡੀ.ਐਸ.ਪੀ. ਗੁਰਬੀਰ ਸਿੰਘ ਵੀ ਸ਼ਾਮਲ ਹੋਏ।
12 ਦਸੰਬਰ ਤੋਂ 24 ਘੰਟੇ ਅੰਤਰਰਾਜੀ ਸਾਂਝੇ ਨਾਕਿਆਂ, ਫੀਲਡ ਅਧਿਕਾਰੀਆਂ ਦਰਮਿਆਨ ਕਮਿਉਨੀਕੇਸ਼ਨ ਚੈਨਲ ਸਥਾਪਤ ਕਰਨ ਸਬੰਧੀ ਚਰਚਾ ਕਰਦਿਆਂ ਸ਼ਾਂਤੀਪੂਰਨ ਚੋਣਾਂ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਵਿਚਾਰ ਕੀਤਾ ਗਿਆ। ਬੈਠਕ ਵਿੱਚ ਅੰਬਾਲਾ, ਕੈਥਲ, ਜੀਂਦ ਤੇ ਕੁਰਕਸ਼ੇਤਰਾ ਦੇ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਅਧਿਕਾਰੀਆਂ ਵੱਲੋਂ ਚੋਣਾਂ ਦੌਰਾਨ ਪੂਰਨ ਸਹਿਯੋਗ ਦੇਣ ਲਈ ਸਹਿਮਤੀ ਦਿੱਤੀ ਗਈ। ਅੰਬਾਲਾ ਨਾਲ ਲੱਗਦੇ ਸ਼ੰਭੂ ਕਲਾਂ, ਘਨੌਰ ਤੇ ਭੁਨਰਹੇੜੀ ਬਲਾਕਾਂ, ਕੁਰਕਸ਼ੇਤਰਾ ਨਾਲ ਲੱਗਦੇ ਭੁਨਰਹੇੜੀ, ਇਸੇ ਤਰ੍ਹਾਂ ਕੈਥਲ ਨਾਲ ਲੱਗਦੇ ਸਨੌਰ, ਸਮਾਣਾ, ਭੁਨਰਹੇੜੀ, ਪਾਤੜਾਂ ਅਤੇ ਜੀਂਦ ਨਾਲ ਲਗਦੇ ਪਾਤੜਾਂ ਬਲਾਕਾਂ ਦੇ ਸੰਵੇਦਨਸ਼ੀਲ ਤੇ ਅਤਿ ਸੰਵੇਨਸ਼ੀਲ ਪੋਲਿੰਗ ਸਟੇਸ਼ਨਾਂ ਵਿਖੇ ਸ਼ਾਂਤੀਪੂਰਨ ਚੋਣਾਂ ਬਾਰੇ ਵੀ ਰਣਨੀਤੀ ਬਣਾਈ ਗਈ।
ਇਸ ਮੌਕੇ ਚੋਣਾਂ ਦੌਰਾਨ ਨਜ਼ਾਇਜ ਸ਼ਰਾਬ, ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਗ਼ਦੀ ਦੀ ਤਸਕਰੀ ਨੂੰ ਰੋਕਣ ਲਈ ਅੰਤਰ-ਰਾਜੀ ਨਾਕੇ ਲਗਾਉਣ ਸਮੇਤ ਲੋੜੀਂਦੀ ਸੂਚਨਾ ਤੁਰੰਤ ਸਾਂਝੀ ਕਰਨ ਅਤੇ ਦੋਵੇਂ ਰਾਜਾਂ ਦਰਮਿਆਨ ਲੱਗਦੀਆਂ ਮੁੱਖ ਸੜਕਾਂ ਤੋਂ ਇਲਾਵਾ ਲਿੰਕ ਰੋਡ, ਕੱਚੇ ਪਹਿਆਂ 'ਤੇ ਗਸ਼ਤ ਕਰਨ ਬਾਰੇ ਸਬੰਧੀ ਵੀ ਸਹਿਮਤੀ ਬਣਾਈ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ