ਐੱਸ.ਸੀ.ਈ.ਆਰ.ਟੀ ਦੀ ਵੱਡੀ ਪਹਿਲ: ਰਾਜ ਦੇ ਆਰਟ ਪਾਠਕ੍ਰਮ ਦੇ ਨਵੇਂ ਅਧਿਆਇ ਦੀ ਸ਼ੁਰੂਆਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ , 12 ਦਸੰਬਰ (ਹਿੰ. ਸ.)। ਪੰਜਾਬ ਸਕੂਲ ਸਿੱਖਿਆ ਖੋਜ ਅਤੇ ਟ੍ਰੇਨਿੰਗ ਕੌਂਸਲ (ਐੱਸ.ਸੀ.ਈ.ਆਰ.ਟੀ), ਪੰਜਾਬ ਨੇ ਰਾਜ ਦੀ ਆਰਟ ਸਿੱਖਿਆ ਪ੍ਰਣਾਲੀ ਵਿੱਚ ਇੱਕ ਇਤਿਹਾਸਕ ਬਦਲਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਚਾਲੀ ਸਾਲਾਂ ਵਿੱਚ ਪਹਿਲੀ ਵਾਰ, ਪੰਜਾਬ ਆਪਣਾ ਰਾਜ ਆਰਟ ਪਾਠਕ੍ਰਮ ਅਤੇ ਆਰ
ਪੰਜਾਬ ਸਕੂਲ ਸਿੱਖਿਆ ਖੋਜ ਅਤੇ ਟ੍ਰੇਨਿੰਗ ਕੌਂਸਲ (ਐੱਸ.ਸੀ.ਈ.ਆਰ.ਟੀ), ਪੰਜਾਬ  ਦੀ ਮੀਟਿੰਗ ਦਾ ਦ੍ਰਿਸ਼.


ਸਾਹਿਬਜ਼ਾਦਾ ਅਜੀਤ ਸਿੰਘ ਨਗਰ , 12 ਦਸੰਬਰ (ਹਿੰ. ਸ.)। ਪੰਜਾਬ ਸਕੂਲ ਸਿੱਖਿਆ ਖੋਜ ਅਤੇ ਟ੍ਰੇਨਿੰਗ ਕੌਂਸਲ (ਐੱਸ.ਸੀ.ਈ.ਆਰ.ਟੀ), ਪੰਜਾਬ ਨੇ ਰਾਜ ਦੀ ਆਰਟ ਸਿੱਖਿਆ ਪ੍ਰਣਾਲੀ ਵਿੱਚ ਇੱਕ ਇਤਿਹਾਸਕ ਬਦਲਾਅ ਦੀ ਸ਼ੁਰੂਆਤ ਕਰ ਦਿੱਤੀ ਹੈ। ਚਾਲੀ ਸਾਲਾਂ ਵਿੱਚ ਪਹਿਲੀ ਵਾਰ, ਪੰਜਾਬ ਆਪਣਾ ਰਾਜ ਆਰਟ ਪਾਠਕ੍ਰਮ ਅਤੇ ਆਰਟ ਦੀਆਂ ਕਿਤਾਬਾਂ ਨੂੰ ਅਪਗ੍ਰੇਡ ਕਰ, ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਆਧੁਨਿਕ ਪੇਡਾਗੌਜੀਕਲ ਪ੍ਰਥਾਵਾਂ ਨੂੰ ਕਲਾਸਰੂਮ ਸਿਖਲਾਈ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਪੜਾਅ ਵੱਲ ਵਧਣ ਲਈ ਤਿਆਰ ਹੋਇਆ ਹੈ।

ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ, ਐੱਸ.ਸੀ.ਈ.ਆਰ.ਟੀ ਨੇ ਸਲੈਮ ਆਊਟ ਲਾਊਡ ਨਾਲ ਸਹਿਯੋਗ ਕੀਤਾ ਹੈ, ਜੋ ਕਿ ਇੱਕ ਰਾਸ਼ਟਰੀ ਸੰਸਥਾ ਹੈ ਅਤੇ ਆਰਟ-ਅਧਾਰਿਤ ਸਿੱਖਣ ਅਤੇ ਸੋਸ਼ਲ-ਇਮੋਸ਼ਨਲ ਲਰਨਿੰਗ (ਐੱਸ.ਈ.ਐੱਲ) ਵਿੱਚ ਆਪਣੀ ਖਾਸੀਅਤ ਲਈ ਮਸ਼ਹੂਰ ਹੈ। ਪਾਠਕ੍ਰਮ ਸੁਧਾਰ ਦੇ ਹਿੱਸੇ ਵਜੋਂ, ਐੱਸ.ਸੀ.ਈ.ਆਰ.ਟੀ ਨੇ ਇੱਕ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਤਿਆਰ ਕੀਤਾ ਹੈ ਜਿਸ ਵਿੱਚ ਦੋ ਕਮੇਟੀਆਂ, ਕੋਰ ਕਮੇਟੀ ਅਤੇ ਵਰਕਿੰਗ ਕਮੇਟੀ ਸ਼ਾਮਲ ਹਨ। ਕੋਰ ਕਮੇਟੀ ਦੀ ਅਗਵਾਈ ਰਾਜੀਵ ਕੁਮਾਰ, ਸਹਾਇਕ ਡਾਇਰੈਕਟਰ, ਏ ਕਿਯੂ ਟੀ ਸੈੱਲ, ਐੱਸ.ਸੀ.ਈ.ਆਰ.ਟੀ ਪੰਜਾਬ ਕਰ ਰਹੇ ਹਨ, ਅਤੇ ਇਸ ਵਿੱਚ ਰਾਜ ਭਰ ਦੇ ਕਲਾ-ਮਾਹਰ ਸ਼ਾਮਲ ਹਨ।

12 ਦਸੰਬਰ 2025 ਨੂੰ, ਐੱਸ.ਸੀ.ਈ.ਆਰ.ਟੀ ਅਤੇ ਸਲੈਮ ਆਊਟ ਲਾਊਡ ਨੇ ਵਰਕਿੰਗ ਕਮੇਟੀ ਦਾ ਅਧਿਕਾਰਕ ਤੌਰ ਤੇ ਉਦਘਾਟਨ ਕੀਤਾ। ਮੀਟਿੰਗ ਦੀ ਸ਼ੁਰੂਆਤ ਸਾਰੇ ਮੈਂਬਰਾਂ ਦੀ ਜਾਣ ਪਛਾਣ ਨਾਲ ਹੋਈ, ਉਸ ਤੋਂ ਬਾਅਦ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ ਆਰਟ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਪਰਿਵਰਤਨਕਾਰੀ ਕੰਮ ਅਤੇ ਪ੍ਰਾਪਤੀਆਂ ‘ਤੇ ਸਮੂਹਕ ਵਿਚਾਰ-ਵਟਾਂਦਰਾ ਕੀਤਾ ਗਿਆ।

ਚਰਚਾ ਦੌਰਾਨ ਮੈਂਬਤਾਂ ਨੇ ਸਹਿਮਤੀ ਨਾਲ ਨੋਟ ਕੀਤਾ ਕਿ ਪੰਜਾਬ ਦੀਆਂ ਆਰਟ ਕਿਤਾਬਾਂ ਪਿਛਲੇ 40 ਸਾਲਾਂ ਤੋਂ ਬਦਲੀਆਂ ਨਹੀਂ ਗਈਆਂ। ਇਸ ਲੰਮੇ ਸਮੇਂ ਤੋਂ ਚੱਲ ਰਹੀ ਕਮੀ ਨੂੰ ਮੰਨਦੇ ਹੋਏ, ਕਮੇਟੀ ਨੇ ਪੰਜਾਬ ਦੇ ਸਥਾਨਕ ਅਤੇ ਸੱਭਿਆਚਾਰਕ ਕਲਾ-ਰੂਪਾਂ ਨੂੰ ਮੁੜ ਜੀਵਿਤ ਕਰਨ ਅਤੇ ਰਾਜ ਦੀ ਸ਼ਾਨਦਾਰ ਕਲਾਤਮਕ ਵਿਰਾਸਤ ਨੂੰ ਸੰਭਾਲਣ ਲਈ ਖੋਜ-ਅਧਾਰਿਤ, ਸੱਭਿਆਚਾਰਕ ਤੌਰ ‘ਤੇ ਜੁੜੇ ਹੋਏ ਨਵੇਂ ਪਾਠਕ੍ਰਮ ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ। ਮੈਂਬਰਾਂ ਨੇ ਇਹ ਵੀ ਦੁਹਰਾਇਆ ਕਿ ਨਵਾਂ ਕਰਿਕੁਲਮ ਰਾਸ਼ਟਰੀ ਪਾਠਕ੍ਰਮ ਫ੍ਰੇਮਵਰਕ (ਐੱਨ.ਸੀ ਐੱਫ) ਅਤੇ ਸਟੇਟ ਪਾਠਕ੍ਰਮ ਫ੍ਰੇਮਵਰਕ (ਐੱਸ.ਸੀ.ਐੱਫ) ਦੇ ਅਨੁਕੂਲ ਤਿਆਰ ਕੀਤਾ ਜਾਵੇਗਾ।

ਸਹਾਇਕ ਡਾਇਰੈਕਟਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਲਾ ਨਾ ਸਿਰਫ਼ ਇੱਕ ਵੱਖਰਾ ਵਿਸ਼ਾ ਹੈ, ਸਗੋਂ ਹਰ ਵਿਸ਼ੇ ਵਿੱਚ ਇੱਕ ਮਹੱਤਵਪੂਰਨ ਹਿੱਸਾ ਵੀ ਹੈ। ਉਨ੍ਹਾਂ ਕਿਹਾ ਕਿ ਆਰਟ ਇੰਟੀਗ੍ਰੇਟਿਡ ਐਜੂਕੇਸ਼ਨ 21ਵੀ ਸਦੀ ਦੀਆਂ ਯੋਗਤਾਵਾਂ ਦੇ ਵਿਕਾਸ, ਸੋਸ਼ਲ-ਇਮੋਸ਼ਨਲ ਲਰਨਿੰਗ ਨੂੰ ਮਜ਼ਬੂਤ ਕਰਨ, ਵਿਦਿਆਰਥੀਆਂ ਨੂੰ ਅਸਲ ਜਗਤ ਨਾਲ ਜੋੜਨ ਅਤੇ ਸਥਾਨਕ ਅਤੇ ਖੇਤਰੀ ਕਲਾ-ਰੂਪਾਂ ਪ੍ਰਤੀ ਡੂੰਘੀ ਕਦਰ ਪੈਦਾ ਕਰਨ ਲਈ ਬਹੁਤ ਜ਼ਰੂਰੀ ਹੈ।

ਇਹ ਪਹਿਲ ਕਲਾ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਤਾਂ ਜੋ ਪੰਜਾਬ ਭਰ ਦੇ ਬੱਚਿਆਂ ਨੂੰ ਐਸੀ ਕਲਾ ਸਿੱਖਿਆ ਮਿਲੇ ਜੋ ਰਚਨਾਤਮਕਤਾ ਨੂੰ ਬਿਹਤਰ ਕਰੇ, ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਬਣਾਏ ਅਤੇ ਸਮੂਹਿਕ ਵਿਕਾਸ ਦਾ ਸਮਰਥਨ ਕਰੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande