
ਨਵਾਂਸ਼ਹਿਰ, 13 ਦਸੰਬਰ (ਹਿੰ. ਸ.)। ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਿਯੁਕਤ ਕੀਤੇ ਚੋਣ ਅਬਜਰਵਰ ਆਈ.ਏ.ਐਸ. ਅਧਿਕਾਰੀ ਰੁਬਿੰਦਰਜੀਤ ਸਿੰਘ ਬਰਾੜ ਨੇ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਾਂ ਲਈ ਕੀਤੀਆਂ ਤਿਆਰੀਆਂ ਅਤੇ ਪ੍ਰਬੰਧਾਂ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਚੋਣ ਅਮਲ ਨੂੰ ਨਿਰਪੱਖ ਅਤੇ ਸੁਤੰਤਰ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।
ਚੋਣ ਨਿਗਰਾਨ ਰੁਬਿੰਦਰਜੀਤ ਸਿੰਘ ਬਰਾੜ ਨੇ ਸੰਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਲੈਂਦਿਆਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ ਅਤੇ ਸੁਰੱਖਿਆ ਦੇ ਢੁਕਵੇਂ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੋਲਿੰਗ ਬੂਥਾਂ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਸ਼ੱਕੀ ਵਿਅਕਤੀਆਂ ਅਤੇ ਮਾੜੇ-ਅਨਸਰਾਂ ‘ਤੇ ਵੀ ਨਜ਼ਰ ਬਣਾ ਕੇ ਰੱਖੀ ਜਾਵੇ ਤਾਂ ਜੋ ਚੋਣਾਂ ਪੂਰੇ ਅਮਨ-ਅਮਾਨ ਨਾਲ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸਟਰਾਂਗ ਰੂਮਾਂ ਅਤੇ ਬੈਲ਼ਟ ਪੇਪਰਾਂ ਦੀ ਸੁਰੱਖਿਆ ਨੂੰ ਵੀ ਪੂਰੀ ਤਰਜੀਹ ਦਿੱਤੀ ਜਾਵੇ ਅਤੇ ਪੋਲਿੰਗ ਬੂਥਾਂ ਦੇ ਨਾਲ-ਨਾਲ ਗਿਣਤੀ ਕੇਂਦਰਾਂ ਵਿਖੇ ਵੀਡੀਓਗ੍ਰਾਫੀ ਨੂੰ ਵੀ ਯਕੀਨੀ ਬਣਾਈ ਜਾਵੇ।
ਸ਼ਨੀਵਾਰ ਨੂੰ ਪੋਲਿੰਗ ਪਾਰਟੀਆਂ ਦੇ ਰਵਾਨਾ ਹੋਣ ਸੰਬੰਧੀ ਰਿਟਰਨਿੰਗ ਅਫ਼ਸਰਾਂ ਤੋਂ ਜਾਣਕਾਰੀ ਹਾਸਲ ਕਰਦਿਆਂ ਚੋਣ ਅਬਜਰਵਰ ਨੇ ਕਿਹਾ ਕਿ ਪੋਲਿੰਗ ਪਾਰਟੀਆਂ ਦੇ ਜਾਣ ਲਈ ਟਰਾਂਸਪੋਰਟ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਪਾਰਟੀਆਂ ਸਮੇਂ ਸਿਰ ਆਪੋ-ਆਪਣੇ ਨਿਰਧਾਰਤ ਸਥਾਨਾਂ ‘ਤੇ ਪਹੁੰਚ ਜਾਣ। ਚੋਣ ਨਿਗਰਾਨ ਨੇ ਕਿਹਾ ਕਿ ਪੋਲਿੰਗ ਬੂਥਾਂ ‘ਤੇ ਸਿਹਤ ਸੇਵਾਵਾਂ ਦੀ ਉਪਲਬਧਤਾ ਦੇ ਨਾਲ-ਨਾਲ ਵੋਟਰਾਂ ਦੀ ਸਹੂਲਤ ਲਈ ਵੀ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਵੋਟਰ ਸੁਖਾਲੇ ਢੰਗ ਨਾਲ ਆਪਣੀ ਵੋਟ ਪਾ ਸਕਣ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਤਰਾਂ ਦੇ ਮਾਮਲੇ, ਸਿਕਾਇਤ ਜਾਂ ਸੁਝਾਅ ਲਈ ਉਨ੍ਹਾਂ ਦੀ ਈ-ਮੇਲ rubinderjit.brar@punjab.gov.in ‘ਤੇ ਵੀ ਈ-ਮੇਲ ਕੀਤੀ ਜਾ ਸਕਦੀ ਹੈ ਜਾਂ ਉਨ੍ਹਾਂ ਨਾਲ ਟੈਲੀਫੋਨ ਰਾਹੀਂ ਰਾਬਤਾ ਕਰਨ ਲਈ 01823-223850 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਲਈ ਵੋਟਾਂ 14 ਦਸੰਬਰ ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ। ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਲਈ 10 ਅਤੇ ਪੰਚਾਇਤ ਸੰਮਤੀਆਂ ਲਈ 82 ਜੌਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ, 462 ਪੋਲਿੰਗ ਸਟੇਸ਼ਨ, 633 ਪੋਲਿੰਗ ਬੂਥ ਅਤੇ 417240 ਵੋਟਰ ਹਨ । ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਲਈ ਬਣਾਏ 10 ਜੌਨਾਂ ਵਿੱਚ 3 ਜੌਨ ਨਵਾਂਸ਼ਹਿਰ, 1 ਸੜੋਆ, 2 ਬਲਾਚੌਰ ਅਤੇ 4 ਬੰਗਾ ਅਧੀਨ ਆਉਂਦੇ ਹਨ। ਇਸੇ ਤਰ੍ਹਾਂ ਬਲਾਕ ਸੰਮਤੀਆਂ ਲਈ ਬੰਗਾ ਅਤੇ ਨਵਾਂਸ਼ਹਿਰ ਵਿੱਚ 25-25, ਬਲਾਚੌਰ ’ਚ 17 ਅਤੇ ਸੜੋਆ ਵਿੱਚ 15 ਜੌਨ ਬਣਾਏ ਗਏ ਹਨ। ਜਿਲ੍ਹੇ ਵਿੱਚ ਕੁੱਲ 466 ਗ੍ਰਾਮ ਪੰਚਾਇਤਾਂ ਹਨ ਜਿਨ੍ਹਾਂ ਵਿੱਚ 132 ਨਵਾਂਸ਼ਹਿਰ, 71 ਸੜੋਆ, 131 ਬਲਾਚੌਰ ਅਤੇ 132 ਬੰਗਾ ਵਿੱਚ ਪੈਂਦੀਆਂ ਹਨ। ਚੋਣ ਨਿਗਰਾਨ ਨੂੰ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਕੁੱਲ 633 ਪੋਲਿੰਗ ਬੂਥਾਂ ਵਿੱਚ ਨਵਾਂਸ਼ਹਿਰ ਅੰਦਰ 189, ਸੜੋਆ ਵਿੱਚ 89, ਬਲਾਚੌਰ ਵਿੱਚ 148 ਅਤੇ ਬੰਗਾ ਵਿੱਚ 207 ਪੋਲਿੰਗ ਬੂਥ ਸਾਮਲ ਹਨ। ਇਨ੍ਹਾਂ ਚੋਣਾਂ ਲਈ ਕੁੱਲ ਪੁਰਸ਼ ਵੋਟਰਾਂ ਦੀ ਗਿਣਤੀ 216395 ਅਤੇ ਮਹਿਲਾ ਵੋਟਰਾਂ ਦੀ ਗਿਣਤੀ 200836 ਜਦਕਿ 9 ਵੋਟਰ ਥਰਡ ਜੈਂਡਰ ਸ਼ਾਮਲ ਹਨ। ਜਿਲ੍ਹੇ ਵਿੱਚ ਕੁੱਲ 216395 ਪੁਰਸ਼ ਵੋਟਰਾਂ ਦੀ ਗਿਣਤੀ ਵਿੱਚ ਨਵਾਂਸ਼ਹਿਰ ਵਿੱਚ 66611, ਸੜੋਆ ਵਿੱਚ 29518, ਬਲਾਚੌਰ ਵਿੱਚ 42800 ਅਤੇ ਬੰਗਾ ਵਿੱਚ 77466 ਵੋਟਰ ਸ਼ਾਮਲ ਹਨ ਜਦਕਿ ਮਹਿਲਾ ਵੋਟਰਾਂ ਵਿੱਚ ਨਵਾਂਸ਼ਹਿਰ ਵਿੱਚ 63013, ਸੜੋਆ ਵਿੱਚ 27193, ਬਲਾਚੌਰ ਵਿੱਚ 38414 ਅਤੇ ਬੰਗਾ ਵਿੱਚ 72216 ਵੋਟਰ ਸ਼ਾਮਲ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ, ਐਸ.ਪੀ. ਹੈਡਕੁਆਰਟਰ ਇਕਬਾਲ ਸਿੰਘ, ਸਬ-ਡਵੀਜਨਾਂ ਦੇ ਐਸ.ਡੀ.ਐਮਜ਼-ਕਮ-ਰਿਟਰਨਿੰਗ ਅਧਿਕਾਰੀ ਆਦਿ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ