
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਦਸੰਬਰ (ਹਿੰ. ਸ.)। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟਗਿਣਤੀ ਮਾਮਲੇ ਅਤੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਡਾ. ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਸ ਐਂਡ ਕੋਰਸਿਜ਼, ਮੋਹਾਲੀ ਵਿੱਚ ਆਯੋਜਿਤ ਸਮਾਗਮ ਦੌਰਾਨ ਤਿੰਨ ਮਹੱਤਵਪੂਰਣ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੰਸਥਾ ਦੇ ਫੇਜ਼-2 ਦੇ ਨਵੀਨੀਕਰਨ ਕੰਮਾਂ ਲਈ ਨੀਂਹ ਪੱਥਰ ਰੱਖਿਆ, ਅੰਤਰ-ਜਾਤੀ ਵਿਆਹ ਸਕੀਮ ਹੇਠ ਲਾਭਪਾਤਰੀਆਂ ਨੂੰ ਪ੍ਰੋਤਸਾਹਨ ਰਾਸ਼ੀ ਵੰਡੀ ਅਤੇ ਅਨੁਸੂਚਿਤ ਜਾਤੀਆਂ ਦੀਆਂ ਲੜਕੀਆਂ ਲਈ ਨਵਾਂ ਹੁਨਰ ਵਿਕਾਸ ਕੋਰਸ ਸ਼ੁਰੂ ਕੀਤਾ।
ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਫੇਜ਼-2 ਦੇ ਨਵੀਨੀਕਰਨ ਕੰਮਾਂ ‘ਤੇ ਲਗਭਗ 91 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚ ਸਿਵਲ ਵਰਕਸ ਦੀ ਮੁਰੰਮਤ, ਵਾਟਰ-ਰੂਟਿੰਗ, ਕੰਕਰੀਟ ਫਿਕਸਿੰਗ, ਪੇਂਟਿੰਗ ਅਤੇ ਪੇਵਰ ਵਰਕਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਦੌਰੇ ਦੌਰਾਨ ਸੀਵਰੇਜ ਓਵਰਫਲੋ, ਪਾਣੀ ਸਪਲਾਈ ਦੀ ਸਮੱਸਿਆ ਅਤੇ ਪਿਛਲੇ 30 ਸਾਲਾਂ ਤੋਂ ਨਵੀਨੀਕਰਨ ਨਾ ਹੋਣ ਦੀ ਗੰਭੀਰ ਸਥਿਤੀ ਸਾਹਮਣੇ ਆਈ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਤੁਰੰਤ ਨਵੀਨੀਕਰਨ ਲਈ ਮਨਜ਼ੂਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਫੇਜ਼-1 ਦੇ ਕੰਮ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ‘ਤੇ 147.49 ਲੱਖ ਰੁਪਏ ਖਰਚ ਹੋਏ। ਇਸ ਅਧੀਨ ਦੋਨਾਂ ਹੋਸਟਲਾਂ ਅਤੇ ਪ੍ਰਸ਼ਾਸਨਿਕ ਬਲਾਕ ਵਿੱਚ ਨਵੇਂ ਟਾਇਲਟ, ਪਬਲਿਕ ਹੈਲਥ ਵਰਕਸ ਅਤੇ ਪਾਣੀ ਤੇ ਸੀਵਰੇਜ ਪਾਈਪਲਾਈਨਾਂ ਦੀ ਬਦਲੀ ਕੀਤੀ ਗਈ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਫੇਜ਼-1 ਦੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋ ਚੁੱਕੇ ਹਨ ਅਤੇ ਪਿਛਲੇ ਦੋ ਸਾਲਾਂ ਵਿੱਚ ਸਰਕਾਰ ਵੱਲੋਂ ਕੁੱਲ ਲਗਭਗ 2.30 ਕਰੋੜ ਰੁਪਏ ਸੰਸਥਾ ਦੇ ਨਵੀਨੀਕਰਨ ‘ਤੇ ਖਰਚ ਕੀਤੇ ਗਏ ਹਨ।
ਇਸ ਮੌਕੇ ਡਾ. ਬਲਜੀਤ ਕੌਰ ਨੇ ਅੰਤਰ-ਜਾਤੀ ਵਿਆਹ ਸਕੀਮ ਤਹਿਤ 57 ਲਾਭਪਾਤਰੀ ਜੋੜਿਆਂ ਨੂੰ ਕੁੱਲ 11.40 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੰਡੀ। ਹਰ ਜੋੜੇ ਨੂੰ 50,000 ਰੁਪਏ ਦਿੱਤੇ ਗਏ, ਜਿਸ ਵਿੱਚ 20,000 ਰੁਪਏ ਦਾ ਨੈਸ਼ਨਲ ਸੇਵਿੰਗ ਸਰਟੀਫਿਕੇਟ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਪਿਛਲੇ ਕਈ ਸਾਲਾਂ ਤੋਂ ਬਕਾਇਆ ਸੀ, ਜਿਸਨੂੰ ਮੌਜੂਦਾ ਸਰਕਾਰ ਨੇ ਕਲੀਅਰ ਕਰਕੇ ਸਮਾਜਿਕ ਸਮਾਨਤਾ ਅਤੇ ਏਕਤਾ ਵੱਲ ਵੱਡਾ ਕਦਮ ਚੁੱਕਿਆ ਹੈ।
ਇਸ ਤੋਂ ਇਲਾਵਾ, ਅਨੁਸੂਚਿਤ ਜਾਤੀਆਂ ਦੀਆਂ 100 ਲੜਕੀਆਂ ਲਈ ਇੱਕ ਨਵਾਂ ਹੁਨਰ ਵਿਕਾਸ ਕੋਰਸ ਵੀ ਸ਼ੁਰੂ ਕੀਤਾ ਗਿਆ, ਜੋ ਉਨ੍ਹਾਂ ਦੀ ਸਵੈ-ਰੁਜ਼ਗਾਰ ਯੋਗਤਾ ਨੂੰ ਵਧਾਵੇਗਾ। ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦਾ ਮਕਸਦ ਅਨੁਸੂਚਿਤ ਜਾਤੀਆਂ, ਪਛੜੀਆਂ ਸ੍ਰੇਣੀਆਂ, ਘੱਟ ਗਿਣਤੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਦੇਣਾ ਹੈ। ਭਵਿੱਖ ਵਿੱਚ ਹੋਰ ਨਵੇਂ ਕੋਰਸ ਸ਼ੁਰੂ ਕਰਨ, ਲਾਇਬ੍ਰੇਰੀ ਨੂੰ ਅਧੁਨਿਕ ਬਣਾਉਣ ਅਤੇ ਸੰਸਥਾ ਵਿੱਚ ਖਾਲੀ ਅਸਾਮੀਆਂ ਨੂੰ ਜਲਦ ਭਰਨ ਦਾ ਵੀ ਭਰੋਸਾ ਦਿੱਤਾ ਗਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਗੈਸਟ ਫੈਕਲਟੀ ਦੀ ਪ੍ਰਤੀ ਘੰਟਾ ਰਾਸ਼ੀ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਗਈ ਹੈ, ਤਾਂ ਜੋ ਸੰਸਥਾ ਵਿੱਚ ਉੱਚ ਗੁਣਵੱਤਾ ਵਾਲੇ ਅਧਿਆਪਕ ਆ ਸਕਣ।
ਆਖ਼ਰ ਵਿੱਚ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸਮਾਨਤਾ, ਨਿਆਂ ਅਤੇ ਸਿੱਖਿਆ ਦੇ ਸਿਧਾਂਤਾਂ ‘ਤੇ ਚੱਲਦਿਆਂ ਲੋਕਾਂ ਦੇ ਸੁਪਨੇ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ