
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਦਸੰਬਰ (ਹਿੰ. ਸ.)। ਧੁੰਦ ਦੇ ਮੌਸਮ ਦੌਰਾਨ ਟ੍ਰੈਫਿਕ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਸੜਕ ਸੁਰੱਖਿਆ ਉਪਰਾਲਿਆਂ ਤਹਿਤ ਵੱਖ-ਵੱਖ ਥਾਵਾਂ ‘ਤੇ ਰਿਫਲੈਕਟਰ ਲਗਾਏ ਗਏ।
ਇਹ ਕਾਰਵਾਈ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਨਵਨੀਤ ਸਿੰਘ ਮਾਹਲ, ਕਪਤਾਨ ਪੁਲਿਸ (ਟ੍ਰੈਫਿਕ) ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ, ਦੀ ਅਗਵਾਈ ਹੇਠ ਵੱਖ-ਵੱਖ ਐਨ.ਜੀ.ਓਜ਼ ਦੀ ਸਹਾਇਤਾ ਨਾਲ ਅਮਲ ਵਿੱਚ ਲਿਆਂਦੀ ਗਈ।
ਇਸ ਮੌਕੇ ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਇਸ ਲਈ ਆਪਣੇ ਵਾਹਨਾਂ ਦੀਆਂ ਲਾਈਟਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੀ ਖ਼ਰਾਬੀ ਹੋਣ ਦੀ ਸੂਰਤ ਵਿੱਚ ਤੁਰੰਤ ਠੀਕ ਕਰਵਾਈ ਜਾਵੇ। ਉਨ੍ਹਾਂ ਨੇ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਦੀ ਵੀ ਅਪੀਲ ਕੀਤੀ।
ਉਨ੍ਹਾਂ ਹੋਰ ਕਿਹਾ ਕਿ ਜੇਕਰ ਵਾਹਨ ਵਿੱਚ ਕੋਈ ਤਕਨੀਕੀ ਖ਼ਰਾਬੀ ਆ ਜਾਵੇ ਤਾਂ ਉਸਨੂੰ ਸੜਕ ਦੇ ਕਿਨਾਰੇ ਸੁਰੱਖਿਅਤ ਢੰਗ ਨਾਲ ਖੜ੍ਹਾ ਕਰਕੇ ਪਾਰਕਿੰਗ ਲਾਈਟਾਂ ਚਾਲੂ ਰੱਖੀਆਂ ਜਾਣ, ਤਾਂ ਜੋ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਕਮੀ ਲਿਆਂਦੀ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ