
ਤਰਨਤਾਰਨ, 19 ਦਸੰਬਰ (ਹਿੰ. ਸ.)। ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਮਾਪੇ -ਅਧਿਆਪਕ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਲਈ ਅਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਵਿਦਿਅਕ ਕਾਰਗੁਜਾਰੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਸ ਵਾਰ ਸਿੱਖਿਆ ਵਿਭਾਗ 20 ਦਸੰਬਰ ਨੂੰ ਹੋ ਰਹੀ ਮੈਗਾ ਮਾਪੇ ਅਧਿਆਪਕ ਮਿਲਣੀ ਦੌਰਾਨ ਨਿਵੇਕਲੇ ਉਪਰਾਲੇ ਰਾਹੀਂ ਮਾਪਿਆਂ ਦੀ ਵਰਕਸ਼ਾਪ ਆਯੋਜਿਤ ਕਰਵਾਉਣ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ, ਤਰਨ ਤਾਰਨ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਇਸ ਵਾਰ ਕਰਵਾਈ ਜਾ ਰਹੀ ਮੈਗਾ ਮਾਪੇ-ਅਧਿਆਪਕ ਮਿਲਣੀ ਕੁਝ ਵੱਖਰੀ ਹੋਵੇਗੀ, ਜਿਸ ਵਿੱਚ ਮਾਪਿਆਂ ਦੀ 100 ਫੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵਿਭਾਗ ਵਲੋਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ 20 ਦਸੰਬਰ ਦਿਨ ਸ਼ਨੀਵਾਰ ਨੂੰ ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾ ਰਹੀ ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਦਿਲਚਸਪ ਗਤੀਵਿਧੀਆਂ ਨਾਲ ਇਕ ਘੰਟੇ ਦੀ ਵਰਕਸ਼ਾਪ, ਵਿਦਿਆਰਥੀਆਂ ਦੇ ਹੁਣ ਤੱਕ ਦੀ ਸਮੁੱਚੀ ਕਾਰਗੁਜਾਰੀ, ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ, ਸਰਕਾਰੀ ਸਕੂਲਾਂ ਦੀ ਸਿੱਖਿਆ ਲਈ ਆਧੁਨਿਕ ਸਿੱਖਣ ਸਿਖਾਉਣ ਦੀਆਂ ਤਕਨੀਕਾਂ ਸੰਬੰਧੀ ਜਾਣਕਾਰੀ, ਅਧਿਆਪਕਾਂ ਤੇ ਮਾਪਿਆਂ ਵਿੱਚ ਸਿੱਧੇ ਆਪਸੀ ਸੰਪਰਕ ਰਾਹੀਂ ਗੱਲਬਾਤ ਦੌਰਾਨ ਵਿਦਿਆਰਥੀ ਦੀ ਫੀਡਬੈਕ, ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਨਵੇਂ ਦਾਖਲੇ ਨੂੰ ਵਧਾਉਣ ਸੰਬੰਧੀ ਗੱਲਬਾਤ ਦੇ ਨਾਲ-ਨਾਲ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੀ 100 ਫੀਸਦੀ ਹਾਜਰੀ ਯਕੀਨੀ ਬਣਾਉਣ ਅਤੇ ਜ਼ੀਰੋ ਡਰਾਪਆਊਟ ਤੇ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨ ਹਿੱਤ ਕੀਤੇ ਜਾਣ ਵਾਲੇ ਉਪਰਾਲਿਆਂ ਸੰਬੰਧੀ ਵਿਚਾਰ ਚਰਚਾ ਹੋਵੇਗੀ।
ਮਾਪਿਆਂ ਦੀ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਦਾ ਉਦੇਸ਼ ਪੰਜਾਬ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਦੇ ਐਸ. ਐਮ. ਸੀ. ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਸਕੂਲ ਵਿਕਾਸ ਵਿੱਚ ਭਾਈਚਾਰਕ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ, ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਜਾਗਰੂਕ ਕਰਨਾ ਅਤੇ ਸਕੂਲ ਦੇ ਕਾਰਜ ਵਿੱਚ ਮਾਪਿਆਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਡੀ ਆਰ ਸੀ ਸੈਕੰਡਰੀ ਅਤੇ ਅਨੂਪ ਸਿੰਘ ਮੈਣੀ ਡੀ ਆਰ ਸੀ ਪ੍ਰਾਇਮਰੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਮੈਗਾ ਮਾਪੇ-ਅਧਿਆਪਕ ਮਿਲਣੀ ਸੰਬੰਧੀ ਵਲੋਂ ਪੂਰੀ ਤਿਆਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮਾਪਿਆਂ ਦੀ ਵਰਕਸ਼ਾਪ ਦਾ ਸਮਾਂ 1:00 ਤੋਂ 1.30 ਘੰਟੇ ਦਾ ਹੋਵੇਗਾ। ਵਰਕਸ਼ਾਪ ਤੋਂ ਬਾਅਦ ਮਾਪੇ-ਅਧਿਆਪਕ-ਵਿਦਿਆਰਥੀ ਮਿਲਣੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਤਸ਼ਾਹ ਪੈਦਾ ਕਰਨ ਹਿੱਤ ਮਾਪਿਆਂ ਅਤੇ ਵਿਦਿਆਰਥੀਆਂ ਲਈ ਸੈਲਫੀ ਪੁਆਇੰਟ ਵੀ ਸਕੂਲਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਡੀ ਈ ਓ ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਮਿਲਣੀ ਲਈ 100 ਫੀਸਦੀ ਹਾਜ਼ਰੀ ਲਈ ਰਣਨੀਤੀ ਤਿਆਰ ਕਰਦਿਆਂ ਮਾਪਿਆਂ ਨੂੰ ਵੱਧ ਵੱਧ ਤੋਂ ਸ਼ਮੂਲੀਅਤ ਕਰਨ ਲਈ ਸਕੂਲ ਪੱਧਰ ਤੇ ਡਿਜੀਟਲ ਅਤੇ ਹੱਥ ਲਿਖਤ ਪੈਂਫਲਿਟ ਭੇਜੇ ਜਾ ਰਹੇ ਹਨ । ਇਸ ਤੋਂ ਇਲਾਵਾ ਮੈਗਾ ਪੀ ਟੀ ਐਮ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਸਕੂਲਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਪੋਸਟਰ, ਆਡੀਓ/ਵੀਡੀਓ ਮੈਸੇਜ ਜਾਗਰੂਕਤਾ ਲਈ ਸਾਂਝੇ ਕੀਤੇ ਜਾ ਰਹੇ ਹਨ। ਜੋ ਮਾਪੇ ਸਾਹਿਬਾਨ ਪਹਿਲਾਂ ਹੋਈਆਂ ਮਾਪੇ-ਅਧਿਆਪਕ ਮਿਲਣੀਆਂ ਵਿੱਚ ਹਾਜਰ ਨਹੀਂ ਹੋਏ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੁਨੇਹਾ ਲਾਇਆ ਜਾ ਰਿਹਾ ਹੈ, ਤਾਂ ਜੋ ਅਜਿਹੇ ਮਾਪਿਆਂ ਨੂੰ ਸੱਦਾ ਭੇਜ ਕੇ ਮਿਲਣੀ ਵਿੱਚ ਹਾਜਰ ਹੋਣਾ ਯਕੀਨੀ ਬਣਾਇਆ ਜਾ ਸਕੇ।
-----------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ