
ਹੁਸ਼ਿਆਰਪੁਰ, 2 ਦਸੰਬਰ (ਹਿੰ. ਸ.)। ਵਿਸ਼ਵ ਏਡਜ਼ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਸੋਸਾਇਟੀ ਵੱਲੋਂ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਸਹਿ-ਸਿੱਖਿਆ) ਘੰਟਾ ਘਰ ਤੋਂ ਬੱਸ ਸਟੈਂਡ ਤੱਕ ਇਕ ਜਾਗਰੂਕਤਾ ਵਾਕਾਥਨ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਉਦਘਾਟਨ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਹਰੀ ਝੰਡੀ ਦਿਖਾ ਕੇ ਕੀਤਾ। ਵਾਕਾਥਨ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਸਮਾਜ ਸੇਵਕਾਂ ਅਤੇ ਆਮ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਤੋਂ ਪਹਿਲਾਂ ਸਰਕਾਰੀ ਸਕੂਲ ਘੰਟਾ ਘਰ ਵਿਖੇ ਏਡਜ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਮਾਹਿਰਾਂ ਨੇ ਐੱਚ.ਆਈ.ਵੀ/ਏਡਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਏਡਜ਼ ਵਰਗੀ ਗੰਭੀਰ ਬਿਮਾਰੀ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਨੌਜਵਾਨਾਂ ਨੂੰ ਸਹੀ ਜਾਣਕਾਰੀ ਅਤੇ ਸਿੱਖਿਆ ਪ੍ਰਦਾਨ ਕਰਕੇ ਹੀ ਸੰਭਵ ਹੈ। ਉਨ੍ਹਾਂ ਜ਼ਿਲ੍ਹਾ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਸੋਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਨੂੰ ਸਿਹਤਮੰਦ ਅਤੇ ਜਾਗਰੂਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਵਿਧਾਇਕ ਜਿੰਪਾ ਨੇ ਕਿਹਾ ਕਿ ਸਿਰਫ਼ ਸਰਕਾਰ ਅਤੇ ਸਮਾਜ ਮਿਲ ਕੇ ਹੀ ਇਸ ਚੁਨੌਤੀ ਦਾ ਸਾਹਮਣਾ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਜ਼ਿੰਮੇਵਾਰੀ ਲੈਣ ਦਾ ਸੱਦਾ ਦਿੱਤਾ ਤਾਂ ਜੋ ਨਵੀਂ ਪੀੜ੍ਹੀ ਸੁਰੱਖਿਅਤ ਅਤੇ ਜਾਗਰੂਕ ਹੋ ਸਕੇ। ਉਨ੍ਹਾਂ ਕਿਹਾ ਕਿ ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ ਜੋ ਸਮਾਜ ਨੂੰ ਏਡਜ਼ ਵਰਗੀਆਂ ਬਿਮਾਰੀਆਂ ਤੋਂ ਬਚਾ ਸਕਦਾ ਹੈ।
ਸਮਾਗਮ ਵਿਚ ਕੇਂਦਰ ਦੀ ਮਨੋਵਿਗਿਆਨੀ ਡਾ. ਸਿਮਰਨ ਸੈਣੀ ਮਨੋਵਿਗਿਆਨੀ ਸਿਵਲ ਹਸਪਤਾਲ, ਹੁਸ਼ਿਆਰਪੁਰ ਨੇ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਅਤੇ ਏਡਜ਼ ਨਾਲ ਸਬੰਧਤ ਮਿੱਥਾਂ ਨੂੰ ਦੂਰ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਜਾਣਕਾਰੀ ਅਤੇ ਸੰਵੇਦਨਸ਼ੀਲਤਾ ਇਸ ਬਿਮਾਰੀ ਨਾਲ ਲੜਨ ਦਾ ਸਭ ਤੋਂ ਵੱਡਾ ਸਾਧਨ ਹਨ। ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਪ੍ਰਣ ਲਿਆ ਕਿ ਉਹ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਅਤੇ ਭਾਰਤ ਨੂੰ ਏਡਜ਼ ਮੁਕਤ ਬਣਾਉਣ ਵਿੱਚ ਯੋਗਦਾਨ ਪਾਉਣਗੇ। ਵਾਕਾਥਾਨ ਦੌਰਾਨ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਨਾਅਰੇ ਲਗਾਏ ਅਤੇ ਸੰਦੇਸ਼ ਦਿੱਤਾ ਕਿ ਇਸ ਬਿਮਾਰੀ ਨਾਲ ਇਕਜੁੱਟ ਹੋ ਕੇ ਹੀ ਲੜਿਆ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ