
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਤਿੰਨੋਂ ਖਜ਼ਾਨਾ ਦਫ਼ਤਰਾਂ ਖਰੜ, ਡੇਰਾਬੱਸੀ ਅਤੇ ਮੋਹਾਲੀ ਵਿਖੇ 4 ਤੋਂ 6 ਦਸੰਬਰ 2025 ਤੱਕ ‘ਪੈਨਸ਼ਨਰ ਸੇਵਾ ਮੇਲਾ’ ਲਾਇਆ ਜਾਵੇਗਾ। ਇਸ ਦਾ ਉਦੇਸ਼ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਨੂੰ ਜ਼ਰੂਰੀ ਈ-ਕੇ ਵਾਈ ਸੀ ਪ੍ਰਕਿਰਿਆ ਸਬੰਧੀ ਸਹੂਲਤ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਨਵੇਂ ਲਾਂਚ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਰੇਣੁਕਾ ਕਟਿਆਲ, ਜ਼ਿਲ੍ਹਾ ਖਜ਼ਾਨਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 3 ਨਵੰਬਰ 2025 ਨੂੰ ਸਾਰੀਆਂ ਪੈਨਸ਼ਨ ਸਬੰਧੀ ਸੇਵਾਵਾਂ ਲਈ ਵਨ-ਸਟਾਪ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਲਈ ਪੋਰਟਲ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਈ-ਕੇ ਵਾਈ ਸੀ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਸਹਿਜ ਡਿਜੀਟਲ ਪੈਨਸ਼ਨ ਸੇਵਾਵਾਂ ਦੀ ਸੁਵਿਧਾ ਦੇਣ ਲਈ ਲਗਾਏ ਜਾ ਰਹੇ ਮੇਲੇ ਦੌਰਾਨ ਤਿੰਨੋਂ ਤਹਿਸੀਲ ਖਜ਼ਾਨਾ ਦਫ਼ਤਰਾਂ ਖਰੜ, ਡੇਰਾਬੱਸੀ ਅਤੇ ਮੋਹਾਲੀ ਵਿਖੇ ਸਬੰਧਤ ਥਾਵਾਂ ਨਾਲ ਪੈਨਸ਼ਨਰ ਪਹੁੰਚਣ।
ਉਨ੍ਹਾਂ ਦੱਸਿਆ ਕਿ ਇਹ ਪੋਰਟਲ, ਜੋ ਕਿ https://pensionersewa.punjab.gov.in ‘ਤੇ ਮੌਜੂਦ ਹੈ, ਰਾਹੀਂ ਸ਼ੁਰੂਆਤ ਵਿੱਚ ਪੈਨਸ਼ਨਰਾਂ ਨੂੰ ਛੇ ਮੁੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਸੇਵਾਵਾਂ ਵਿੱਚ ‘ਜੀਵਨ ਪ੍ਰਮਾਣ’ ਮੋਬਾਈਲ ਐਪ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣਾ, ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿੱਚ ਤਬਦੀਲ ਕਰਨ ਲਈ ਅਰਜ਼ੀ ਦੇਣਾ, ਲੀਵ ਟਰੈਵਲ ਕਨਸੈਸ਼ਨ ਲੈਣ ਲਈ ਅਰਜ਼ੀ ਦੇਣਾ, ਪੈਨਸ਼ਨ ਸਬੰਧੀ ਸ਼ਿਕਾਇਤਾਂ ਦਰਜ ਕਰਨਾ, ਅਤੇ ਪੈਨਸ਼ਨਰਾਂ ਦੇ ਨਿੱਜੀ ਵੇਰਵਿਆਂ ਨੂੰ ਅਪਡੇਟ/ਬਦਲਣਾ ਸ਼ਾਮਲ ਹੈ। ‘ਜੀਵਨ ਪ੍ਰਮਾਣ’ ਮੋਬਾਈਲ ਐਪ ਐਂਡਰਾਇਡ ‘ਤੇ https://play.google.com/store/apps/details?id=com.aadhaar.life ਅਤੇ ਆਈ.ਓ.ਐੱਸ. (iOS) ‘ਤੇ https://apps.apple.com/in/app/jeevanpramaan/id6736359405 ‘ਤੇ ਉਪਲਬਧ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਸਰਲ ਅਤੇ ਵਰਤੋਂ ਵਿੱਚ ਆਸਾਨ ਹੈ। ਪੈਨਸ਼ਨਰ ਇਸ ਪੋਰਟਲ ‘ਤੇ ਉਪਲਬਧ ਆਧਾਰ ਪ੍ਰਮਾਣਿਕਤਾ ਸਹੂਲਤ ਰਾਹੀਂ ਈ-ਕੇ ਵਾਈ ਸੀ ਨੂੰ ਪੂਰਾ ਕਰਕੇ ‘ਪੈਨਸ਼ਨਰ ਸੇਵਾ ਪੋਰਟਲ’ ‘ਤੇ ਰਜਿਸਟਰ ਕਰ ਸਕਦੇ ਹਨ। ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ, ਉਹ ਆਪਣੇ ਮੋਬਾਈਲ ਫੋਨ, ਕੰਪਿਊਟਰ ਜਾਂ ਲੈਪਟਾਪ ਦੀ ਵਰਤੋਂ ਕਰਕੇ ਪੋਰਟਲ ‘ਤੇ ਆਪਣੇ ਲਾਗਇਨ ਆਈ.ਡੀ. ਰਾਹੀਂ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ਸੇਵਾਵਾਂ ਦਾ ਲਾਭ ਨੇੜਲੇ ਸੇਵਾ ਕੇਂਦਰਾਂ ਵਿਖੇ ਜਾ ਕੇ, ਸੇਵਾ ਦੀ ਹੋਮ ਡਿਲੀਵਰੀ (1076) ਦੀ ਬੇਨਤੀ ਕਰਕੇ, ਸਬੰਧਤ ਪੈਨਸ਼ਨ ਵੰਡਣ ਵਾਲੇ ਬੈਂਕਾਂ ਜਾਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਜਾ ਕੇ ਵੀ ਲਿਆ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ