
ਬਠਿੰਡਾ, 20 ਦਸੰਬਰ (ਹਿੰ. ਸ.)। ਸਿਹਤ ਵਿਭਾਗ ਬਠਿੰਡਾ ਵੱਲੋਂ ਸਿਹਤ ਵਿਭਾਗ ਪੰਜਾਬ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕੇਅਰ ਕੰਪੈਨੀਅਨ ਪ੍ਰੋਗਰਾਮ ਅਧੀਨ ਸਟਾਫ਼ ਨਰਸਾਂ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਲਈ ਮੀਟਿੰਗ ਹਾਲ ਸਿਵਲ ਸਰਜਨ ਦਫ਼ਤਰ ਬਠਿੰਡਾ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਮਾਂ ਅਤੇ ਨਵਜੰਮੇ ਬੱਚੇ ਦੀ ਸੰਭਾਲ ਸਬੰਧੀ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਟ੍ਰੇਨਿੰਗਾਂ ਨਾਲ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ ਅਤੇ ਮਾਂ-ਬੱਚਾ ਮੌਤ ਦਰ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਇਹ ਟ੍ਰੇਨਿੰਗ ਡਾ. ਜੈਸਮੀਨ ਸਟੇਟ ਸੀ.ਸੀ.ਪੀ. ਪ੍ਰੋਗਰਾਮ ਅਫ਼ਸਰ ਵੱਲੋਂ ਕਰਵਾਈ ਗਈ। ਉਨ੍ਹਾਂ ਟ੍ਰੇਨਿੰਗ ਦੌਰਾਨ ਸਟਾਫ਼ ਨਰਸਾਂ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੂੰ ਗਰਭ ਅਵਸਥਾ, ਪ੍ਰਸਵ ਅਤੇ ਪ੍ਰਸਵ ਤੋਂ ਬਾਅਦ ਮਾਂ ਅਤੇ ਬੱਚੇ ਦੀ ਸੰਭਾਲ, ਸਾਫ਼-ਸਫ਼ਾਈ, ਪੋਸ਼ਣ, ਦੁੱਧ ਪਿਲਾਉਣ, ਨਵਜੰਮੇ ਬੱਚੇ ਦੀ ਦੇਖਭਾਲ ਅਤੇ ਘਰੇਲੂ ਪੱਧਰ ’ਤੇ ਜਰੂਰੀ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਗਿੱਲ ਨੇ ਕਿਹਾ ਕਿ ਕੇਅਰ ਕੰਪੈਨੀਅਨ ਪ੍ਰੋਗਰਾਮ ਦਾ ਮਕਸਦ ਮਾਂ ਦੇ ਨਾਲ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਸਿਹਤ ਸੰਭਾਲ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਹਸਪਤਾਲ ਤੋਂ ਘਰ ਜਾਣ ਮਗਰੋਂ ਵੀ ਮਾਂ ਅਤੇ ਬੱਚੇ ਦੀ ਸਹੀ ਦੇਖਭਾਲ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਡਾ. ਗਿੱਲ ਵੱਲੋਂ ਟ੍ਰੇਨਿੰਗ ਮੌਕੇ ਭਾਗੀਦਾਰਾਂ ਨੂੰ ਜਨਨੀ ਸੁਰੱਖਿਆ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ, ਪੋਸ਼ਣ ਅਭਿਆਨ ਅਤੇ ਮਾਤਾ-ਬੱਚਾ ਟੀਕਾਕਰਨ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਗਰਭ ਅਵਸਥਾ ਦੌਰਾਨ ਨਿਯਮਿਤ ਜਾਂਚ, ਪੋਸ਼ਣ, ਆਇਰਨ-ਫੋਲਿਕ ਐਸਿਡ ਦੀ ਵਰਤੋਂ, ਸੰਸਥਾਗਤ ਡਿਲਿਵਰੀ ਅਤੇ ਪ੍ਰਸਵ ਤੋਂ ਬਾਅਦ ਮਾਂ ਅਤੇ ਨਵਜੰਮੇ ਬੱਚੇ ਦੀ ਸੰਭਾਲ ਦੇ ਨੁਕਤਿਆਂ ’ਤੇ ਚਰਚਾ ਕੀਤੀ ਗਈ।
ਇਸ ਮੌਕੇ ਹਾਈ ਰਿਸਕ ਗਰਭ ਅਵਸਥਾ ਸਮੇਤ ਜਣੇਪੇ ਦੌਰਾਨ ਮਾਂ ਦੀ ਮੌਤ ਦਰ ਘਟਾਉਣ ਸਬੰਧੀ ਜਰੂਰੀ ਨੁਕਤਿਆਂ ਬਾਰੇ ਵਿਚਾਰ ਚਰਚਾ ਕਰਦਿਆਂ ਖਤਰੇ ਦੇ ਲੱਛਣ ਜਿਵੇਂ ਜ਼ਿਆਦਾ ਖੂਨ ਵਗਣਾ, ਅਚਾਨਕ ਸੋਜ਼ਿਸ਼, ਤੇਜ਼ ਸਿਰ ਦਰਦ, ਨਜ਼ਰ ਧੁੰਦਲੀ ਹੋਣਾ, ਬੁਖਾਰ ਜਾਂ ਬੱਚੇ ਦੀ ਹਿਲਜੁਲ ਘੱਟ ਹੋਣਾ ਨਜ਼ਰ ਆਉਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰੀ ਮਾਤ੍ਰਤਵ ਸਕੀਮਾਂ ਦਾ ਪੂਰਾ ਲਾਭ ਲਿਆ ਜਾਵੇ ਤਾਂ ਜੋ ਜਣੇਪੇ ਦੌਰਾਨ ਮਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ ਅਤੇ ਮਾਂ-ਬੱਚੇ ਦਾ ਸਿਹਤਮੰਦ ਜੀਵਨ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਆਭਾ ਆਈਡੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਟ੍ਰੇਨਿੰਗ ਲੈ ਰਹੇ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਇਹ ਜਾਣਕਾਰੀ ਫੀਲਡ ਪੱਧਰ ’ਤੇ ਗਰਭਵਤੀ ਮਹਿਲਾਵਾਂ ਅਤੇ ਪਰਿਵਾਰਾਂ ਤੱਕ ਪਹੁੰਚਾਉਣ। ਇਸ ਮੌਕੇ ਕਾਊਂਸਲਰ ਚਰਨਪਾਲ ਕੌਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ