
ਤਲਵਾੜਾ 20 ਦਸੰਬਰ (ਹਿੰ. ਸ.)। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਰੈਡ ਕ੍ਰਾਸ ਸੰਸਥਾ ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਸਮਾਜ ਭਲਾਈ ਦੇ ਆਪਣੇ ਲਗਾਤਾਰ ਯਤਨਾਂ ਤਹਿਤ ਸ਼ਿਵ ਕਲੋਨੀ, ਸੈਕਟਰ 2 ਵਿੱਚ ਲੋੜਵੰਦ ਪਰਿਵਾਰਾਂ ਦੀਆਂ ਮਹਿਲਾਵਾਂ ਲਈ ਸੈਨੇਟਰੀ ਪੈਡ ਅਤੇ ਪਰਿਵਾਰਿਕ ਮੈਂਬਰਾਂ ਦੀ ਵਰਤੋਂ ਲਈ ਸਾਬਣਾਂ ਦੀ ਵੰਡ ਕੀਤੀ ਗਈ। ਇਸ ਉਦੇਸ਼ਪੂਰਨ ਕਾਰਜ ਦੀ ਅਗਵਾਈ ਬੀਬੀਐਮਬੀ ਰੈਡ ਕ੍ਰਾਸ ਦੀ ਚੇਅਰਪਰਸਨ ਸੀਮਾ ਗੁਪਤਾ ਨੇ ਖੁਦ ਕੀਤੀ ਅਤੇ ਉਨ੍ਹਾਂ ਨੇ ਮਹਿਲਾਵਾਂ ਨਾਲ ਸਿੱਧਾ ਸੰਵਾਦ ਕਰਦਿਆਂ ਸਵੱਛਤਾ ਅਤੇ ਸਿਹਤ ਸਬੰਧੀ ਮਸਲਿਆਂ ਬਾਰੇ ਗੱਲਬਾਤ ਵੀ ਕੀਤੀ।
ਉਹਨਾਂ ਆਖਿਆ ਕਿ ਸਵੱਛਤਾ ਹੀ ਸਿਹਤਮੰਦ ਸਮਾਜ ਦਾ ਆਧਾਰ ਹੈ ਅਤੇ ਸਮਾਜ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬੀਬੀਐਮਬੀ ਰੈਡ ਕ੍ਰਾਸ ਇਹ ਉਪਰਾਲੇ ਕਰ ਰਿਹਾ ਹੈ। ਬੀਬੀਐਮਬੀ ਰੈਡ ਕ੍ਰਾਸ ਸੰਸਥਾ ਦੇ ਚੇਅਰ ਪਰਸਨ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਦੇ ਧਰਮ ਪਤਨੀ ਹਨ।
ਇਸ ਮੌਕੇ ਬੀਬੀਐਮਬੀ ਰੈਡ ਕ੍ਰਾਸ ਦੇ ਸਕੱਤਰ ਨਿਗਰਾਨ ਇੰਜੀਨੀਅਰ ਮਨਵੀਨ ਚੌਧਰੀ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ। ਉਨ੍ਹਾਂ ਨੇ ਇਸ ਤਰ੍ਹਾਂ ਦੇ ਸਮਾਜਿਕ ਕਾਰਜਾਂ ਦੀ ਸਫਲਤਾ ਵਿੱਚ ਸਥਾਨਕ ਲੋਕਾਂ ਦੀ ਭਾਗੀਦਾਰੀ ਦੀ ਮਹੱਤਤਾ ਉਤੇ ਜ਼ੋਰ ਦਿੱਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਬੀਬੀਐਮਬੀ ਰੈਡ ਕ੍ਰਾਸ ਦੀ ਚੇਅਰਪਰਸਨ ਸੀਮਾ ਗੁਪਤਾ ਨੇ ਕਿਹਾ ਕਿ ਬੀ ਬੀ ਐਮ ਬੀ ਰੈਡ ਕ੍ਰਾਸ ਸੰਸਥਾ ਹਮੇਸ਼ਾ ਹੀ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀ ਸਿਹਤ ਅਤੇ ਸਵੱਛਤਾ ਸਮਾਜ ਦੀ ਮਜ਼ਬੂਤ ਨੀਂਹ ਹੈ ਅਤੇ ਇਸ ਦਿਸ਼ਾ ਵਿੱਚ ਸੈਨੇਟਰੀ ਪੈਡ ਅਤੇ ਸਾਬਣਾਂ ਦੀ ਵੰਡ ਜਿਹੇ ਕਾਰਜ ਬਹੁਤ ਜ਼ਰੂਰੀ ਹਨ। ਸ਼੍ਰੀਮਤੀ ਗੁਪਤਾ ਨੇ ਦੱਸਿਆ ਕਿ ਬੀਬੀਐਮਬੀ ਰੈਡ ਕ੍ਰਾਸ ਭਵਿੱਖ ਵਿੱਚ ਵੀ ਸਿਹਤ, ਸਵੱਛਤਾ, ਸਿੱਖਿਆ ਅਤੇ ਸਮਾਜਿਕ ਸਹਾਇਤਾ ਨਾਲ ਜੁੜੇ ਹੋਰ ਕਈ ਕਾਰਜ ਲਾਗੂ ਕਰਦੀ ਰਹੇਗੀ, ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਸਹਾਰਾ ਦਿੱਤਾ ਜਾ ਸਕੇ।
ਇਸ ਦੌਰਾਨ ਡਾ ਸੋਭਨਾ ਸੋਨੀ ਨੇ ਬਸਤੀ ਦੀਆਂ ਮਹਿਲਾਵਾਂ ਨੂੰ ਸਵੱਛਤਾ ਅਤੇ ਹਾਈਜੀਨ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਾਹਵਾਰੀ ਦੌਰਾਨ ਸੈਨੇਟਰੀ ਪੈਡ ਦੀ ਸਹੀ ਵਰਤੋਂ, ਨਿਯਮਿਤ ਸਫਾਈ, ਸਾਫ਼ ਪਾਣੀ ਦੀ ਵਰਤੋਂ ਅਤੇ ਹੱਥ ਧੋਣ ਦੀਆਂ ਆਦਤਾਂ ਬਾਰੇ ਜਾਗਰੂਕ ਕੀਤਾ। ਡਾ ਸੋਨੀ ਨੇ ਕਿਹਾ ਕਿ ਸਹੀ ਸਵੱਛਤਾ ਅਪਣਾਉਣ ਨਾਲ ਕਈ ਬਿਮਾਰੀਆਂ ਤੋਂ ਬਚਾਅ ਸੰਭਵ ਹੈ ਅਤੇ ਪਰਿਵਾਰ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ। ਅੰਤ ਵਿੱਚ ਸਥਾਨਕ ਵਸਨੀਕਾਂ ਵੱਲੋਂ ਬੀਬੀਐਮਬੀ ਰੈਡ ਕ੍ਰਾਸ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਲਿਆਣਕਾਰੀ ਕਾਰਜ ਜਾਰੀ ਰੱਖਣ ਦੀ ਅਪੀਲ ਕੀਤੀ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ