
ਡੇਰਾਬੱਸੀ, 20 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਵਿੱਚ ਵੱਡੇ ਪੱਧਰ ’ਤੇ ਸੁਧਾਰ ਲਈ ਚਲਾਈ ਜਾ ਰਹੀ ਮੋਹਰੀ ਸਿੱਖਿਆ ਯੋਜਨਾ ਤਹਿਤ ਸਕੂਲ ਆਫ਼ ਐਮੀਨੈਂਸ, ਡੇਰਾਬੱਸੀ ਵਿੱਚ ਕਰਵਾਈ ਗਈ ਮੈਗਾ ਮਾਪੇ-ਅਧਿਆਪਕ ਮਿਲਣੀ (ਪੀ ਟੀ ਐਮ) ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਲਈ ਯਾਦਗਾਰ ਅਤੇ ਪ੍ਰੇਰਕ ਪਲ ਬਣ ਗਈ, ਜਦੋਂ ਉਨ੍ਹਾਂ ਨੇ ਆਪਣੇ ਜੱਦੀ ਸਕੂਲ (ਅਲਮਾ ਮਾਟਰ) ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਆਪਣੀ ਅੱਪਰ ਪ੍ਰਾਈਮਰੀ ਸਿੱਖਿਆ ਹਾਸਲ ਕੀਤੀ ਸੀ।
ਮੈਗਾ ਪੀ ਟੀ ਐਮ ਦੌਰਾਨ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਲਿਆਂਦੇ ਗਏ ਇਨਕਲਾਬੀ ਸੁਧਾਰਾਂ ਨਾਲ ਸਰਕਾਰੀ ਸਕੂਲਾਂ ਦੀ ਸੂਰਤ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਵਿਕਸਿਤ ਕਰਨਾ ਸਰਕਾਰ ਦੀ ਗੁਣਵੱਤਾ ਭਰੀ, ਸਮੇਂ ਦੀ ਬਦਲਦੀ ਲੋੜ ਮੁਤਾਬਕ ਅਤੇ ਮੁੱਲ ਅਧਾਰਿਤ ਸਿੱਖਿਆ ਪ੍ਰਤੀ ਪੱਕੀ ਵਚਨਬੱਧਤਾ ਦਾ ਪ੍ਰਤੀਕ ਹੈ।
ਵਿਧਾਇਕ ਰੰਧਾਵਾ ਨੇ ਵਿਦਿਆਰਥੀਆਂ ਦੀ ਕਾਬਲੀਅਤ, ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਦੇ ਬੱਚੇ ਅਕਾਦਮਿਕ ਅਤੇ ਸਹ-ਪਾਠਕਰਮੀ ਗਤੀਵਿਧੀਆਂ ਵਿੱਚ ਨਵੇਂ ਮਿਆਰ ਸਥਾਪਤ ਕਰ ਰਹੇ ਹਨ। ਉਨ੍ਹਾਂ ਸਕੂਲ ਵਿੱਚ ਉਪਲਬਧ ਆਧੁਨਿਕ ਢਾਂਚੇ, ਬਿਹਤਰ ਸਿੱਖਣ ਮਾਹੌਲ ਅਤੇ ਨਵੀਨਤਮ ਅਧਿਆਪਨ ਤਰੀਕਿਆਂ ’ਤੇ ਸੰਤੋਖ ਪ੍ਰਗਟਾਇਆ।
ਮਾਪਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਦੇ ਸਮੂਹਿਕ ਵਿਕਾਸ ਵਿੱਚ ਮਾਪਿਆਂ ਦੀ ਸਰਗਰਮ ਭੂਮਿਕਾ ਨਿਰਣਾਇਕ ਹੁੰਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਧਿਆਪਕਾਂ ਦੇ ਯਤਨਾਂ ਵਿੱਚ ਪੂਰਾ ਸਹਿਯੋਗ ਦੇਣ ਤਾਂ ਜੋ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਵੀ ਪ੍ਰਦਾਨ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਮਾਪੇ ਅਤੇ ਅਧਿਆਪਕਾਂ ਵਿਚਕਾਰ ਮਜ਼ਬੂਤ ਸਾਂਝ ਬੱਚਿਆਂ ਦੇ ਭਵਿੱਖ ਦੀ ਮਜ਼ਬੂਤ ਨੀਂਹ ਰੱਖਦੀ ਹੈ।
ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸੰਸਥਾ ਨੂੰ ਮੁੜ ਵੇਖਣਾ ਉਨ੍ਹਾਂ ਲਈ ਭਾਵੁਕ ਅਤੇ ਮਾਣ ਭਰਿਆ ਪਲ ਹੈ। ਉਨ੍ਹਾਂ ਸਕੂਲ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ਸਟਾਫ਼ ਵੱਲੋਂ ਬੱਚਾ-ਕੇਂਦਰਿਤ ਅਤੇ ਸਕਾਰਾਤਮਕ ਅਕਾਦਮਿਕ ਮਾਹੌਲ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।
ਮੈਗਾ ਪੀ ਟੀ ਐਮ ਵਿੱਚ ਵੱਡੀ ਗਿਣਤੀ ਵਿੱਚ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਉਤਸ਼ਾਹਪੂਰਕ ਭਾਗੀਦਾਰੀ ਰਹੀ, ਜਿਸ ਨਾਲ ਸਕੂਲ-ਸਮੁਦਾਇਕ ਸਾਂਝ ਨੂੰ ਮਜ਼ਬੂਤ ਬਣਾਉਣ ਅਤੇ ਹਰ ਬੱਚੇ ਲਈ ਗੁਣਵੱਤਾ ਭਰੀ ਸਿੱਖਿਆ ਯਕੀਨੀ ਬਣਾਉਣ ਦੇ ਉਦੇਸ਼ ਨੂੰ ਹੋਰ ਬਲ ਮਿਲਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ